ਬਿਊਰੋ ਰਿਪੋਰਟ : 39 ਸਾਲ ਬਾਅਦ ਦਰਬਾਰ ਸਾਹਿਬ ‘ਤੇ ਹਮਲੇ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਨੇ ਮੂੰਹ ਖੋਲਿਆ ਹੈ । ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਵੱਡੇ ਇਲਜ਼ਾਮ ਲੱਗਾ ਕੇ ਦਾਅਵਾ ਕੀਤਾ ਹੈ ਕੀ ਪਹਿਲਾਂ ਇੰਦਰਾ ਗਾਂਧੀ ਨੇ ਮਾਹੌਲ ਵਿਗੜਨ ਦਿੱਤਾ ਫਿਰ ਹਮਲੇ ਦੇ ਨਿਰਦੇਸ਼ ਦਿੱਤੇ। ਸਿਰਫ਼ ਇਨ੍ਹਾਂ ਹੀ ਨਹੀਂ ਬਰਾੜ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਰਿਸ਼ਤਿਆਂ ਨੂੰ ਲੈਕੇ ਵੀ ਅਹਿਮ ਦਾਅਵਾ ਕੀਤਾ ਹੈ । ਜਿਸ ਨੂੰ ਦਮਦਮੀ ਟਕਸਾਲ ਅਤੇ sGPC ਕਈ ਵਾਰ ਨਕਾਰ ਚੁੱਕਿਆ ਹੈ । ਕੁਲਦੀਪ ਬਰਾੜ ਦੇ ਦਾਅਵੇ ਵਿੱਚ ਇਸ ਲਈ ਵੀ ਦਮ ਨਹੀਂ ਹੈ ਕਿਉਂਕਿ ਉਸ ਨੇ ਸਿਰਫ਼ ਹਾਲਾਤਾਂ ਨੂੰ ਅਧਾਰ ਬਣਾ ਕੇ ਆਪਣੀ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੇ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਹੈ । ਵੱਡਾ ਸਵਾਲ ਇਹ ਵੀ ਹੈ ਕੀ ਆਖਿਰ ਬਰਾੜ ਨੇ 39 ਸਾਲ ਬਾਅਦ ਕਿਉਂ ਹੁਣ ਇੰਦਰਾ ਗਾਂਧੀ ‘ਤੇ ਸਵਾਲ ਚੁੱਕੇ ? ਇਨ੍ਹੇ ਸਾਲ ਉਹ ਚੁੱਪ ਕਿਉਂ ਰਹੇ ? ਕੀ ਇਸ ਦੇ ਪਿੱਛੇ ਕਿਧਰੇ ਕੋਈ ਸਿਆਸਤ ਕੰਮ ਤਾਂ ਨਹੀਂ ਕਰ ਰਹੀ ਹੈ ? ਕੁਝ ਲੋਕ ਇੰਨ੍ਹਾਂ ਸਵਾਲਾਂ ਦੇ ਨਾਲ ਹੀ ਬਰਾੜ ਦੇ ਬਿਆਨਾਂ ਦੀ ਟਾਇਮਿੰਗ ‘ਤੇ ਸਵਾਲ ਚੁੱਕ ਰਹੇ ਹਨ।

ਕੁਲਦੀਪ ਬਰਾੜ ਦਾ ਆਪਰੇਸ਼ਨ ਬਲੂ ਸਟਾਰ ‘ਤੇ ਬਿਆਨ

ਕੁਲਦੀਪ ਬਰਾੜ ਨੇ ਇਲਜ਼ਾਮ ਲਗਾਇਆ ਕੀ ਸੰਤ ਭਿੰਡਰਾਵਾਲਾ ਨੂੰ ਇੰਦਰਾ ਗਾਂਧੀ ਦੀ ਸ਼ਹਿ ਮਿਲੀ ਹੋਈ ਸੀ । ਉਨ੍ਹਾਂ ਨੂੰ ਰੋਕਣ ਵਿੱਚ ਇੰਦਰਾ ਗਾਂਧੀ ਨੇ ਦੇਰੀ ਕਰ ਦਿੱਤੀ । ਜਨਰਲ ਬਰਾੜ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਪੰਜਾਬ ਦਾ ਮਾਹੌਲ ਵਿਗੜ ਰਿਹਾ ਸੀ ਖਾਲਿਸਤਾਨ ਦੀ ਮੰਗ ਉੱਠ ਰਹੀ ਸੀ । ਸੰਤ ਭਿੰਡਰਾਵਾਲਾ ਦਾ ਰੁਤਬਾ ਵੱਧ ਰਿਹਾ ਸੀ । ਸਾਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਰਸ਼ ਤੱਕ ਪਹੁੰਚ ਗਏ ਸਨ । ਇਹ ਸਾਰਾ ਕੁਝ ਇੰਦਰਾ ਗਾਂਧੀ ਦੇ ਸਾਹਮਣੇ ਹੋਇਆ । ਜਦੋਂ ਪਾਣੀ ਸਿਰ ਤੋਂ ਉੱਤੇ ਹੋ ਗਿਆ ਤਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਮਲੇ ਦੇ ਨਿਰਦੇਸ਼ ਦਿੱਤੇ । ਜਨਰਲ ਬਰਾੜ ਨੇ ਦੱਸਿਆ ਕੀ ਬਲੂ ਸਟਾਰ ਆਪਰੇਸ਼ਨ ਦੇ ਸਮੇਂ ਉਨ੍ਹਾਂ ਨੂੰ ਚੁਣਿਆ ਗਿਆ । ਉਨ੍ਹਾਂ ਨੂੰ ਇਹ ਸੋਚ ਕੇ ਚੁਣਿਆ ਗਿਆ ਸੀ ਕੀ ਜਨਰਲ ਕੁਲਦੀਪ ਇੱਕ ਫੌਜੀ ਹੈ । ਇੱਕ ਵਾਰ ਵੀ ਇਹ ਨਹੀਂ ਵੇਖਿਆ ਗਿਆ ਉਹ ਇੱਕ ਸਿੱਖ ਹੈ,ਹਿੰਦੀ ਹੈ ਜਾਂ ਫਿਰ ਪਾਰਸੀ । ਬਰਾੜ ਦੇ ਖੁਲਾਸੇ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਸਕਦਾ ਹੈ ।

ਆਪਰੇਸ਼ਨ ਬਲੂ ਸਟਾਰ ਵਿੱਚ ਜਾਨੀ ਨੁਕਸਾਨ

1984 ਵਿੱਚ ਕੁਲਦੀਪ ਬਰਾੜ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਸਾਕਾ ਨੀਲਾ ਤਾਰਾ ਨੂੰ ਅੰਜਾਮ ਦਿੱਤਾ ਸੀ । ਭਾਰਤੀ ਫੌਜ ਨੇ ਪਵਿੱਤਰ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਅ ਦਿੱਤਾ ਸੀ । ਸਿਰਫ਼ ਇੰਨਾਂ ਹੀ ਨਹੀਂ ਇਲਜ਼ਾਮ ਲੱਗੇ ਸਨ ਕੀ ਫੌਜ ਦੇ ਜਵਾਨਾਂ ਨੇ ਗੁਰੂ ਘਰ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਅਤੇ ਖੂਨ ਦੀ ਨਦੀਆਂ ਬਹਾ ਦਿੱਤੀਆਂ ਸਨ । ਇਸ ਖੂਨੀ ਸਾਕੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸਮੇਤ 492 ਲੋਕਾਂ ਦੀ ਜਾਨ ਗਈ ਸੀ । ਫੌਜ ਦੇ 4 ਅਫਸਰ ਅਤੇ 83 ਜਵਾਨਾਂ ਦੀ ਵੀ ਮੌਤ ਹੋਈ ਸੀ।

ਲੰਦਨ ਵਿੱਚ ਜਨਰਲ ਬਰਾੜ ‘ਤੇ ਹਮਲਾ ਹੋਇਆ

ਕੁਲਦੀਪ ਬਰਾੜ ਵੱਲੋਂ ਆਪਰੇਸ਼ਨ ਬਲੂ ਸਟਾਰ ਦੀ ਕਮਾਨ ਸੰਭਾਲਣ ਦੇ ਲਈ ਕਦੇ ਵੀ ਸਿੱਖਾਂ ਨੇ ਉਸ ਨੂੰ ਮੁਆਫ ਨਹੀਂ ਕੀਤਾ । 30 ਸਤੰਬਰ 2012 ਵਿੱਚ ਬਰਾੜ ‘ਤੇ ਸੈਂਟਰਲ ਲੰਦਨ ਵਿੱਚ ਹਮਲਾ ਕੀਤਾ ਗਿਆ ਸੀ । ਉਸ ਵੇਲੇ ਉਸ ਦੀ ਪਤਨੀ ਵੀ ਨਾਲ ਸੀ । ਕੁਲਦੀਪ ਬਰਾੜ ਦੀ ਧੌਣ ‘ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਪਰ ਬਰਾੜ ਬਚ ਗਿਆ । ਇਸ ਮਾਮਲੇ ਵਿੱਚ ਬਰਮਿੰਗਮ ਦੇ ਮੰਦੀਪ ਸਿੰਘ ਸੰਧੂ,ਲੰਦਨ ਦੇ ਦਿਲਬਾਗ ਅਤੇ ਹਰਜੀਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ । ਹਮਲੇ ਦੀ ਪਲਾਨਿੰਗ ਹਰਜੀਤ ਕੌਰ ਨੇ ਕੀਤੀ ਸੀ । ਹਮਲੇ ਦੀ ਰਾਤ ਹਰਜੀਤ ਕੌਰ ਨੇ ਬਰਾੜ ਅਤੇ ਉਸ ਦੀ ਪਤਨੀ ਦਾ ਪਿੱਛਾ ਕੀਤਾ । ਪਿੱਛਾ ਕਰਦੇ ਸਮੇਂ ਕਸੀਨੋ ਤੱਕ ਪਹੁੰਚ ਗਈ । ਸਿਰਫ਼ ਇਨ੍ਹਾਂ ਹੀ ਨਹੀਂ ਹਰਜੀਤ ਕੌਰ ਨੇ ਉਸ ਬੱਸ ਵਿੱਚ ਵੀ ਸਫਰ ਕੀਤਾ ਜਿਸ ਵਿੱਚ ਦੋਵੇ ਪਤੀ-ਪਤਨੀ ਜਾ ਰਹੇ ਸਨ । ਇਸ ਮਾਮਲੇ ਵਿੱਚ ਮੰਦੀਪ ਸਿੰਘ ਸੰਧੂ ਅਤੇ ਦਿਲਬਾਗ ਸਿੰਘ ਨੂੰ 14-14 ਸਾਲ ਦੀ ਸਜ਼ਾ ਹੋਈ ਸੀ ਜਦਕਿ ਹਰਜੀਤ ਕੌਰ ਨੂੰ 11 ਸਾਲ ਦੀ ਸਜ਼ਾ ।