International

ਬਰਤਾਨੀਆ ’ਚ 4 ਜੁਲਾਈ ਨੂੰ ਆਮ ਚੋਣਾਂ, PM ਰਿਸ਼ੀ ਸੁਨਕ ਨੇ ਕੀਤਾ ਐਲਾਨ

ਬਰਤਾਨੀਆ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਰਾਤ ਨੂੰ ਲੰਡਨ ਦੀ 10 ਡਾਊਨਿੰਗ ਸਟ੍ਰੀਟ ਤੋਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੂੰ ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੇ ਇਸ ਐਲਾਨ ਦੇ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਖਤਮ ਹੋ ਗਈਆਂ ਹਨ।

ਲੰਡਨ ’ਚ ਮੀਂਹ ਦੌਰਾਨ ਦੇਸ਼ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੂਨਕ ਨੇ ਛੇ ਹਫ਼ਤਿਆਂ ’ਚ ਮਤਦਾਨ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ। ਚੋਣਾਂ ਦੀ ਤਰੀਕ ਬਾਰੇ ਰਸਮੀ ਐਲਾਨ ਮਹਾਰਾਜਾ ਚਾਰਲਸ ਕਰਨਗੇ ਅਤੇ ਉਸ ਮਗਰੋਂ ਸੰਸਦ ਭੰਗ ਕਰ ਦਿੱਤੀ ਜਾਵੇਗੀ। ਇਸ ਮੌਕੇ ਰਿਸ਼ੀ ਸੂਨਕ (44) ਨੇ ਬਰਤਾਨਵੀ ਵੋਟਰਾਂ ਸਾਹਮਣੇ ਆਪਣੇ ਕਾਰਜਕਾਲ ਦਾ ਰਿਕਾਰਡ ਵੀ ਪੇਸ਼ ਕੀਤਾ।

ਪ੍ਰਧਾਨ ਮੰਤਰੀ ਵਜੋਂ ਰਿਸ਼ੀ ਸੁਨਕ ਪਹਿਲੀ ਵਾਰ ਚੋਣਾਂ ਵਿੱਚ ਵੋਟਰਾਂ ਦੇ ਸਾਹਮਣੇ ਜਾਣਗੇ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ਚੋਣ ਤੋਂ ਬਾਅਦ ਪਾਰਟੀ ਦੇ ਸੰਸਦੀ ਗਰੁੱਪ ਨੇ ਸੁਨਕ ਨੂੰ ਆਪਣਾ ਆਗੂ ਚੁਣ ਲਿਆ। ਸੁਨਕ ਨੂੰ ਕਰੀਬ 200 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ, ਜਿਸ ਤੋਂ ਬਾਅਦ ਉਹ ਪੀ.ਐੱਮ. ਬਣੇ ਸਨ।

44 ਸਾਲਾ ਰਿਸ਼ੀ ਸੁਨਕ ਬਰਤਾਨੀਆ ਵਿੱਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਅਕਤੂਬਰ 2022 ਵਿੱਚ ਅਹੁਦਾ ਸੰਭਾਲਿਆ ਸੀ। ਜਨਵਰੀ 2025 ਵਿੱਚ ਇੱਥੇ ਆਮ ਚੋਣਾਂ ਹੋਣ ਦੀ ਸੰਭਾਵਨਾ ਸੀ। ਸੁਨਕ ਕੋਲ ਚੋਣਾਂ ਦਾ ਐਲਾਨ ਕਰਨ ਲਈ ਦਸੰਬਰ ਤੱਕ ਦਾ ਸਮਾਂ ਸੀ ਪਰ ਉਨ੍ਹਾਂ ਨੇ 7 ਮਹੀਨੇ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ।

2022 ਵਿੱਚ ਫਿਕਸਡ ਟਰਮ ਇਲੈਕਸ਼ਨ ਐਕਟ ਨੂੰ ਰੱਦ ਕਰਨ ਤੋਂ ਬਾਅਦ, ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਨੂੰ ਚੋਣਾਂ ਦੀ ਤਰੀਕ ਤੈਅ ਕਰਨ ਦਾ ਅਧਿਕਾਰ ਮਿਲ ਗਿਆ। ਪ੍ਰਧਾਨ ਮੰਤਰੀ ਆਪਣੀ ਪਾਰਟੀ ਲਈ ਸਭ ਤੋਂ ਲਾਹੇਵੰਦ ਸਮੇਂ ਨੂੰ ਦੇਖਦੇ ਹੋਏ ਚੋਣਾਂ ਦੀ ਤਰੀਕ ਤੈਅ ਕਰਦੇ ਹਨ।

ਬ੍ਰਿਟਿਸ਼ ਚੋਣਾਂ ਵਿੱਚ ਮੁੱਖ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ਦਰਮਿਆਨ ਹੈ। ਸੁਨਕ ਕੰਜ਼ਰਵੇਟਿਵ ਪਾਰਟੀ ਤੋਂ ਪ੍ਰਧਾਨ ਮੰਤਰੀ ਦਾ ਚਿਹਰਾ ਹੋ ਸਕਦੇ ਹਨ। ਉਨ੍ਹਾਂ ਦੇ ਖਿਲਾਫ ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਮਰ ਹੋਣਗੇ। ਕੀਰ ਸਟਾਰਮਰ ਇੰਗਲੈਂਡ ਵਿੱਚ ਪਬਲਿਕ ਪ੍ਰੋਸੀਕਿਊਸ਼ਨ ਦੇ ਸਾਬਕਾ ਡਾਇਰੈਕਟਰ ਅਤੇ ਅਪ੍ਰੈਲ 2020 ਤੋਂ ਲੇਬਰ ਪਾਰਟੀ ਦੇ ਨੇਤਾ ਹਨ।

ਕਈ ਓਪੀਨੀਅਨ ਪੋਲਾਂ ਵਿੱਚ ਲੇਬਰ ਪਾਰਟੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਤੋਂ ਕਾਫੀ ਅੱਗੇ ਹੈ। ਹਾਲਾਂਕਿ, ਕੰਜ਼ਰਵੇਟਿਵ ਅਤੇ ਲੇਬਰ ਤੋਂ ਇਲਾਵਾ, ਸਕਾਟਿਸ਼ ਨੈਸ਼ਨਲ ਪਾਰਟੀ, ਲਿਬਰਲ ਡੈਮੋਕਰੇਟਸ ਅਤੇ ਡੈਮੋਕਰੇਟਿਕ ਯੂਨੀਅਨਿਸਟ ਪਾਰਟੀ ਬ੍ਰਿਟੇਨ ਦੀਆਂ ਤਿੰਨ ਸਭ ਤੋਂ ਵੱਡੀਆਂ ਪਾਰਟੀਆਂ ਹਨ।