ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦੀ ਕਮਾਨ ਗੌਰਵ ਯਾਦਵ ਦੇ ਹੱਥਾਂ ਵਿੱਚ ਹੀ ਰਹੇਗੀ। ਵੀ.ਕੇ. ਭਾਵਰਾ ਨੂੰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦਰਅਸਲ, ਗੌਰਵ ਯਾਦਵ ਨੂੰ ਇਹ ਚਾਰਜ ਵੀ.ਕੇ. ਭਾਵਰਾ ਦੇ ਛੁੱਟੀ ‘ਤੇ ਜਾਣ ਦੇ ਸਮੇਂ ਦਿੱਤਾ ਗਿਆ ਸੀ। ਹਾਲਾਂਕਿ, 4 ਸਤੰਬਰ ਨੂੰ ਵੀ.ਕੇ. ਭਾਵਰਾ ਦੀ ਛੁੱਟੀ ਖਤਮ ਹੋ ਰਹੀ ਹੈ। ਅਜਿਹੇ ‘ਚ ਇਸ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਵੀ.ਕੇ. ਭਾਵਰਾ ਡਿਊਟੀ ਜੁਆਇਨ ਕਰਨਗੇ ਜਾਂ ਛੁੱਟੀ ਅੱਗੇ ਵਧਾਉਣਗੇ। ਪਰ ਹੁਣ ਪੰਜਾਬ ਵਿੱਚ ਡੀਜੀਪੀ ਦੇ ਪੱਕੇ ਅਹੁਦੇ ਨੂੰ ਲੈ ਕੇ ਹੁਣ ਸਾਰੀ ਸਥਿਤੀ ਸਪੱਸ਼ਟ ਹੋ ਗਈ ਹੈ।
ਨਵੇਂ ਨਿਯਮਾਂ ਮੁਤਾਬਕ ਡੀਜੀਪੀ ਨੂੰ ਦੋ ਸਾਲ ਤੋਂ ਪਹਿਲਾਂ ਨਹੀਂ ਹਟਾਇਆ ਜਾ ਸਕਦਾ, ਇਸ ਲਈ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਉੱਚ ਪੱਧਰ ਤੱਕ ਮੀਟਿੰਗਾਂ ਵਿੱਚ ਚਰਚਾ ਚੱਲ ਰਹੀ ਸੀ ਕਿ ਇਸ ਦਾ ਬਦਲ ਕੀ ਲੱਭਿਆ ਜਾਵੇ। ਹਾਲਾਂਕਿ, ਡੀਜੀਪੀ ‘ਤੇ ਦਬਾਅ ਬਣਾਉਣ ਲਈ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਡੀਜੀਪੀ ਭਾਵਰਾ ਆਪਣੀ ਛੁੱਟੀ ਹੋਰ ਵਧਾਉਣ ਲਈ ਤਿਆਰ ਨਹੀਂ ਸਨ। ਅਜਿਹੇ ਵਿੱਚ ਸਰਕਾਰ ਦੀ ਸਥਿਤੀ ਵੀ ਭੰਬਲਭੂਸੇ ਵਾਲੀ ਬਣੀ ਹੋਈ ਸੀ। ਦੋ ਮਹੀਨੇ ਪਹਿਲਾਂ ਡੀਜੀਪੀ ਵੀ.ਕੇ. ਭਾਵਰਾ ਦੇ ਛੁੱਟੀ ‘ਤੇ ਚਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ।