ਬਠਿੰਡਾ : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ‘ਚ ਬੀਤੇ ਕੱਲ੍ਹ ਨਿੱਜੀ ਕੰਪਨੀ ਦੀ ਬੱਸ ਦੇ ਗੰਦੇ ਨਾਲੇ ‘ਚ ਡਿੱਗਣ ਨਾਲ ਜਿੱਥੇ ਅੱਠ ਜਣਿਆਂ ਦੀ ਜਾਨ ਗਈ ਉੱਥੇ ਹੀ ਇਸ ਹਾਦਸੇ ‘ਚ ਜਾਨ ਗਵਾਉਣ ਵਾਲੀ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਅਤੇ ਨਾਮੀ ਗੱਤਕਾ ਖਿਡਾਰਨ ਰਵਨੀਤ ਕੌਰ ਅਫਸਰ ਬਨਣ ਦੀ ਤਮੰਨਾ ਰੱਖਦੀ ਸੀ।
ਇਸ ਹਾਦਸੇ ਤੋਂ ਬਾਅਦ ਜਿੱਥੇ ਉਸਦੇ ਮਾਪਿਆਂ ਦੀਆਂ ਅੱਖਾਂ ਦੇ ਹੰਝੂ ਰੁਕਣ ਦਾ ਨਾਮ ਨਹੀ ਲੈ ਰਹੇ ਉੱਥੇ ਸਮੁੱਚੇ ਕਾਲਜ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ ਗਿਆ ਹੈ।
ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀ ਮੈਨੇਜਮੈਂਟ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅਸੀ ਆਪਣੇ ਕਾਲਜ ਦੀ ਵਿਦਿਆਰਥਣ ਰਵਨੀਤ ਕੌਰ ਜਮਾਤ ਬਾਰ੍ਹਵੀਂ ਨੂੰ ਜੀਵਨਸਿੰਘਵਾਲਾ ਵਿਖੇ ਹੋਏ ਬੱਸ ਹਾਦਸੇ ਵਿੱਚ ਗੁਆ ਲਿਆ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਰਵਨੀਤ ਕੌਰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਦੱਸ ਦਈਏ ਕਿ ਬੀਤੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ (ਪੀਬੀ 11 ਡੀਬੀ-6631) ਬੇਕਾਬੂ ਹੋ ਕੇ ਨਾਲੇ ਵਿੱਚ ਡਿੱਗ ਗਈ। ਜਿਸ ‘ਚ ਡਰਾਈਵਰ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 24 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸੀ ਹਾਦਸੇ ਵਿੱਚ ਗੱਤਕਾ ਖਿਡਾਰਨ ਰਵਨੀਤ ਕੌਰ ਦੀ ਵੀ ਮੌਤ ਹੋ ਗਈ ਸੀ।
ਇਸ ਦੁਰਘਟਨਾ ਨੂੰ ਲੈ ਕੇ ਪੀੜ੍ਹਤ ਪਰਿਵਾਰ ਵੱਲੋਂ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੇ ਦੁਰਘਟਨਾ ‘ਤੇ ਅਫ਼ਸੋਸ ਜਤਾਉਂਦੇ ਹੋਏ ਹੁਣ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ ।
ਮੁੱਖ ਮੰਤਰੀ ਮਾਨ ਨੇ ਮ੍ਰਿਤਕਾਂ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਮਦਦ ਦੇਣ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਸਾਰੇ ਜ਼ਖਮੀਆਂ ਦੀ ਮੁਫ਼ਤ ਵਿੱਚ ਇਲਾਜ ਕੀਤਾ ਜਾਵੇ ।
ਇਸ ਤੋਂ ਪਹਿਲਾਂ ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਸੀ । ਉਨ੍ਹਾਂ ਦੇ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਅਤੇ ਜਖਮੀਆਂ ਨੂੰ 50-50 ਹਜ਼ਾਰ ਦੇਣ ਦਾ ਫੈਸਲਾ ਲਿਆ ਗਿਆ ਸੀ।