ਬਿਊਰੋ ਰਿਪੋਰਟ (27 ਅਗਸਤ, 2025): ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈੱਡਵਰਕਸ ਦਾ ਇੱਕ ਗੇਟ ਮੁਰੰਮਤ ਕੰਮ ਦੌਰਾਨ ਅਚਾਨਕ ਟੁੱਟ ਗਿਆ ਅਤੇ ਤੀਬਰ ਪਾਣੀ ਦੇ ਬਹਾਅ ਕਾਰਨ ਗੇਟ ਢਹਿ ਪਿਆ। ਹੈਲੀਕਾਪਟਰਾਂ ਦੀ ਮਦਦ ਨਾਲ 50 ਅਧਿਕਾਰੀਆਂ ਨੂੰ ਬਚਾਇਆ ਗਿਆ। ਦੁੱਖ ਦੀ ਗੱਲ ਹੈ ਕਿ ਇੱਕ ਅਧਿਕਾਰੀ ਪਾਣੀ ਵਿੱਚ ਵਹਿ ਗਿਆ। ਡੈਮ ਤੋਂ ਸਿੱਧਾ ਰਾਵੀ ਨਦੀ ਵਿੱਚ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਵਹਿ ਗਏ ਕਰਮਚਾਰੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਨੇ ਕਿਹਾ ਕਿ ਮਾਧੋਪੁਰ ਹੈੱਡ ਵਰਕਸ ਦਾ ਇੱਕ ਗੇਟ ਟੁੱਟਣ ਕਾਰਨ ਪਾਣੀ ਸਿੱਧਾ ਰਾਵੀ ਨਦੀ ਵਿੱਚ ਜਾ ਰਿਹਾ ਹੈ। ਲਗਭਗ 50 ਲੋਕ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਹੈ। ਜਦੋਂ ਉਨ੍ਹਾਂ ਨੂੰ ਲਾਪਤਾ ਵਿਅਕਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਜਾ ਸਕਦੀ।