ਨੰਗਲ : ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਸਥਿਤ ਨੰਗਲ ਸ਼ਹਿਰ ‘ਚ ਲੰਘੇ ਕੱਲ੍ਹ ਇਕ ਫੈਕਟਰੀ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਨੇੜਲੇ ਸਕੂਲ ਦੇ 7 ਬੱਚੇ ਅਤੇ ਕੁਝ ਲੋਕਾਂ ਨੂੰ ਗਲੇ ‘ਚ ਦਰਦ ਅਤੇ ਸਿਰ ਦਰਦ ਹੋਣ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਨੰਗਲ ਵਿਖੇ ਫੈਕਟਰੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਫੈਕਟਰੀ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਅਹਿਤਿਆਤ ਵਜੋਂ ਅੱਜ ਦੂਜੇ ਦਿਨ ਵੀ ਸਕੂਲ ਬੰਦ ਰੱਖਿਆ ਗਿਆ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਹੈ।
ਦੱਸ ਦਈਏ ਕਿ ਲੰਘੇ ਕੱਲ੍ਹ ਨੰਗਲ ਦੀ ਇੱਕ ਫੈਕਟਰੀ ਵਿੱਚੋਂ ਗੈਸ ਲੀਕ ਹੋ ਜਾਣ ਦੇ ਕਾਰਨ ਨੇੜੇ ਦੇ ਸਕੂਲ ਦੇ ਬੱਚਿਆਂ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸਾਵਧਾਨੀ ਦੇ ਤੌਰ ‘ਤੇ ਬਾਕੀ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਸੀ । ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ।
ਐਂਬੂਲੈਂਸ ਸਮੇਤ ਸਿਹਤ ਵਿਭਾਗ ਦੀਆਂ ਕਈ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਦੱਸਿਆ ਜਾ ਰਿਹਾ ਸੀ ਕਿ ਜਿਸ ਥਾਂ ‘ਤੇ ਗੈਸ ਲੀਕ ਹੋਈ, ਉੱਥੇ ਹਰ ਸਮੇਂ 300 ਤੋਂ 400 ਲੋਕ ਮੌਜੂਦ ਰਹਿੰਦੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੇਂਟ ਸੋਲਜਰ ਸਕੂਲ ਦੀ ਛੁੱਟੀ ਕਰਵਾ ਕੇ ਬਾਕੀ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਸੀ । ਗੈਸ ਲੀਕ ਕਿਵੇਂ ਹੋਈ? ਇਸ ਦੀ ਜਾਂਚ ਕੀਤੀ ਜਾ ਰਹੀ ਹੈ।