International

ਦੱਖਣੀ ਅਫਰੀਕਾ ‘ਚ ਹੋਈ ਗੈਸ ਲੀਕ…

Gas leak in South Africa...

ਦੱਖਣੀ ਅਫਰੀਕਾ ‘ਚ ਗੈਸ ਲੀਕ ਹੋਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੋਕਸਬਰਗ, ਜੋਹਾਨਸਬਰਗ ਦੀ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਈਟ੍ਰੇਟ ਆਕਸਾਈਡ ਗੈਸ ਲੀਕ ਹੋਣ ਕਾਰਨ ਵਾਪਰਿਆ ਹੈ। ਜਿੱਥੋਂ ਗੈਸ ਲੀਕ ਹੋਈ, ਉਸ ਦਾ ਸਬੰਧ ਸੋਨੇ ਦੀ ਨਾਜਾਇਜ਼ ਮਾਈਨਿੰਗ ਨਾਲ ਦੱਸਿਆ ਜਾ ਰਿਹਾ ਹੈ। ਨਾਈਟਰੇਟ ਆਕਸਾਈਡ ਗੈਸ ਦੀ ਵਰਤੋਂ ਆਮ ਤੌਰ ‘ਤੇ ਗੈਰ-ਕਾਨੂੰਨੀ ਸੋਨੇ ਦੀਆਂ ਖਾਣਾਂ ਦੁਆਰਾ ਕੀਤੀ ਜਾਂਦੀ ਹੈ।

ਬੋਕਸਬਰਗ ਦੇ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਇਕ ਸਿਲੰਡਰ ਬਰਾਮਦ ਹੋਇਆ ਹੈ, ਜਿਸ ਕਾਰਨ ਗੈਸ ਲੀਕ ਹੋ ਰਹੀ ਸੀ। ਸਾਰੇ ਪੀੜਤ ਇਸ ਸਥਾਨ ਤੋਂ 100 ਮੀਟਰ ਦੇ ਦਾਇਰੇ ਵਿੱਚ ਪਾਏ ਗਏ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਈ ਹੋਰ ਲੋਕਾਂ ਦੀਆਂ ਲਾਸ਼ਾਂ ਮਿਲ ਸਕਦੀਆਂ ਹਨ। ਬਚਾਅ ਟੀਮਾਂ ਮੌਕੇ ‘ਤੇ ਮੌਜੂਦ ਹਨ।

ਬੀਤੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਵੀ ਕਈ ਥਾਵਾਂ ਉੱਤੇ ਗੈਸ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਸਥਿਤ ਨੰਗਲ ਸ਼ਹਿਰ ‘ਚ ਇਕ ਫੈਕਟਰੀ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਨੇੜਲੇ ਸਕੂਲ ਦੇ 7 ਬੱਚੇ ਅਤੇ ਕੁਝ ਲੋਕਾਂ ਨੂੰ ਗਲੇ ‘ਚ ਦਰਦ ਅਤੇ ਸਿਰ ਦਰਦ ਹੋਣ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਨੰਗਲ ਵਿਖੇ ਫੈਕਟਰੀ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਫੈਕਟਰੀ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਗਈ।

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਲਾਲੜੂ ਦੀ ਚੌਧਰੀ ਕਾਲੋਨੀ ਵਿੱਚ ਇੱਕ ਟਿਊਬਵੈੱਲ ਦੇ ਕਮਰੇ ਵਿੱਚ ਰੱਖੇ ਕਲੋਰੀਨ ਗੈਸ ਸਿਲੰਡਰ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਨੇੜੇ ਰਹਿੰਦੇ ਕਰੀਬ 20 ਲੋਕ ਗੈਸ ਦੀ ਲਪੇਟ ‘ਚ ਆ ਗਏ ਸਨ। ਸਾਰਿਆਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪਿੰਡ ਵਾਲਿਆਂ ਨੇ ਦੱਸਿਆ ਕਿ ਗੈਸ ਕਾਰਨ ਆਲੇ-ਦੁਆਲੇ ਦੇ ਸਾਰੇ ਰੁੱਖ ਮੁਰਝਾ ਗਏ ਸਨ ਅਤੇ ਆਲੇ-ਦੁਆਲੇ ਦੇ ਬੂਟੇ ਤੇ ਘਾਹ ਪੀਲੀ ਪੈ ਗਈ। ਗੈਸ ਜ਼ਹਿਰੀਲੀ ਸੀ ਤੇ ਪਸ਼ੂ ਵੀ ਇਸ ਦੀ ਲਪੇਟ ਵਿੱਚ ਆ ਗਏ। ਪਸ਼ੂਆਂ ਦੀਆਂ ਅੱਖਾਂ ਅਤੇ ਨੱਕ ਵਿੱਚੋਂ ਪੀਲੀ ਝੱਗ ਨਿਕਲ ਰਹੀ ਸੀ।

ਬਿਹਾਰ ਦੇ ਵੈਸ਼ਾਲੀ ਜ਼ਿਲੇ ‘ਚ ਵੀ ਇਕ ਦੁੱਧ ਦੀ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦਰਜਨਾਂ ਲੋਕ ਇਸ ਦੀ ਲਪੇਟ ‘ਚ ਆ ਗਏ ਸਨ। ਫੈਕਟਰੀ ਅੰਦਰ 150 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਅਮੋਨੀਆ ਗੈਸ ਸਿਲੰਡਰ ਫਟਣ ਤੋਂ ਬਾਅਦ ਪੂਰੀ ਫੈਕਟਰੀ ‘ਚ ਹਫੜਾ-ਦਫੜੀ ਮਚ ਗਈ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ। ਸਿਲੰਡਰ ਧਮਾਕੇ ਤੋਂ ਬਾਅਦ 12 ਤੋਂ ਵੱਧ ਲੋਕ ਬੇਹੋਸ਼ ਹੋ ਗਏ ਸਨ ਅਤੇ ਜ਼ਮੀਨ ‘ਤੇ ਡਿੱਗ ਪਏ। ਸਾਰੇ ਜ਼ਖਮੀਆਂ ਨੂੰ ਤੁਰੰਤ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।