ਬਿਊਰੋ ਰਿਪੋਰਟ (14 ਨਵੰਬਰ, 2025): ਲੁਧਿਆਣਾ ਵਿੱਚ ਅੱਜ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਇੱਕ ਕਮਰੇ ਵਿੱਚ ਅੱਗ ਲੱਗ ਗਈ। ਇਸ ਅੱਗ ਵਿੱਚ 3 ਬੱਚਿਆਂ ਸਮੇਤ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ। ਕਮਰੇ ਵਿੱਚੋਂ ਚੀਕ-ਚਿਹਾੜਾ ਸੁਣ ਕੇ ਮੌਕੇ ’ਤੇ ਪਹੁੰਚੇ ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਖਮੀਆਂ ਦੀ ਪਛਾਣ ਵਿਕਾਸ, ਅਰਜੁਨ, ਸੁਰਜੀਤ ਅਤੇ ਰਾਹੁਲ ਵਜੋਂ ਹੋਈ ਹੈ। ਜ਼ਖਮੀ ਬੱਚਿਆਂ ਦੀ ਮਾਂ ਗੁੱਡੀ ਨੇ ਦੱਸਿਆ ਕਿ ਉਹ ਨੀਚੀ ਮੰਗਲੀ ਦੀ ਰਹਿਣ ਵਾਲੀ ਹੈ ਅਤੇ ਜਿਸ ਵੇਹੜੇ ਵਿੱਚ ਉਹ ਰਹਿੰਦੀ ਹੈ, ਉੱਥੇ ਵਿਕਾਸ ਨਾਂ ਦਾ ਨੌਜਵਾਨ ਵੀ ਰਹਿੰਦਾ ਹੈ।
ਖਾਣਾ ਬਣਾਉਂਦੇ ਸਮੇਂ ਹੋਇਆ ਹਾਦਸਾ
ਗੁੱਡੀ ਨੇ ਦੱਸਿਆ ਕਿ ਅੱਜ ਸਵੇਰੇ ਵਿਕਾਸ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ ਅਤੇ ਉਸਦੇ ਬੱਚੇ ਵੀ ਵਿਕਾਸ ਦੇ ਕਮਰੇ ਵਿੱਚ ਬੈਠੇ ਸਨ। ਜਦੋਂ ਵਿਕਾਸ ਨੇ ਕਮਰੇ ਵਿੱਚ ਗੈਸ-ਚੁੱਲ੍ਹਾ ਜਗਾਇਆ ਤਾਂ ਅਚਾਨਕ ਪਾਈਪ ਤੋਂ ਅੱਗ ਭੜਕ ਗਈ। ਅੱਗ ਭੜਕਣ ਕਾਰਨ ਇੱਕ ਧਮਾਕਾ ਵੀ ਹੋਇਆ ਅਤੇ ਕਮਰੇ ਅੰਦਰ ਪੂਰਾ ਧੂੰਆਂ ਭਰ ਗਿਆ। ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ।
ਚੂਹੇ ਨੇ ਕੱਟਿਆ ਸਿਲੰਡਰ ਦਾ ਪਾਈਪ
ਹਸਪਤਾਲ ਵਿੱਚ ਜ਼ਖਮੀ ਵਿਕਾਸ ਨੇ ਦੱਸਿਆ ਕਿ ਉਹ ਸਵੇਰੇ ਖਾਣਾ ਬਣਾ ਰਿਹਾ ਸੀ। ਗੈਸ ਚਲਾਉਣ ਲਈ ਜਿਵੇਂ ਹੀ ਮਾਚਿਸ ਜਲਾਈ, ਅਚਾਨਕ ਚਾਰੇ ਪਾਸੇ ਅੱਗ ਫੈਲ ਗਈ। ਉਸਦੇ ਕੋਲ ਅਰਜੁਨ, ਸੁਰਜੀਤ ਅਤੇ 4 ਸਾਲ ਦਾ ਰਾਹੁਲ ਬੈਠੇ ਸਨ, ਜਿਨ੍ਹਾਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਵਿਕਾਸ ਮੁਤਾਬਕ ਉਸਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਹੈ ਅਤੇ ਰਾਹੁਲ ਦੀਆਂ ਲੱਤਾਂ ਸੜੀਆਂ ਹਨ। ਵਿਕਾਸ ਨੇ ਦੱਸਿਆ ਕਿ ਉਹ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸਨੇ ਦਾਅਵਾ ਕੀਤਾ ਕਿ ਅੱਗ ਲੱਗਣ ਦਾ ਕਾਰਨ ਸਿਲੰਡਰ ਦੀ ਪਾਈਪ ਦਾ ਚੂਹੇ ਵੱਲੋਂ ਕੱਟਿਆ ਜਾਣਾ ਸੀ।
ਸਿਵਲ ਹਸਪਤਾਲ ਦੇ ਐੱਸ.ਐੱਮ.ਓ. (SMO) ਅਖਿਲ ਸਰੀਨ ਨੇ ਦੱਸਿਆ ਕਿ ਚਾਰੋਂ ਜ਼ਖਮੀਆਂ ਦੀ ਹਾਲਤ ਦੇਖੀ ਗਈ ਹੈ। ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਾਲਾਤ ਦੇਖ ਕੇ ਇਨ੍ਹਾਂ ਨੂੰ ਪੀ.ਜੀ.ਆਈ. ਜਾਂ ਪਟਿਆਲਾ ਰੈਫਰ ਕਰਨ ਬਾਰੇ ਸੋਚਿਆ ਗਿਆ ਸੀ, ਪਰ ਹੁਣ ਹਾਲਾਤ ਆਮ ਹਨ, ਜਿਸ ਕਾਰਨ ਇਨ੍ਹਾਂ ਦਾ ਇਲਾਜ ਇੱਥੇ ਹੀ ਕੀਤਾ ਜਾਵੇਗਾ।

