Punjab

ਲਾਰੈਂਸ ਦੀ ਜੇਲ੍ਹ ’ਚ ਇੰਟਰਵਿਊ ਦੇ ਮਾਮਲੇ ’ਚ ਹਾਈਕੋਰਟ ਵੱਲੋਂ ਮੁੱਖ ਸਕੱਤਰ ਨੂੰ ਸੰਮਨ, ਜੈਮਰ ਬਾਰੇ ਹੋਵੇਗੀ ਜਾਂਚ

ਬਿਉਰੋ ਰਿਪੋਰਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਦੇ ਮਾਮਲੇ ਵਿੱਚ ਅੱਜ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਮਾਮਲੇ ਵਿੱਚ ਹੁਣ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ। ਅਗਲੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਵੇਗੀ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ।

ਜੈਮਰ ਨਾਲ ਸਬੰਧਤ ਮਾਮਲੇ ’ਚ ਫਸਿਆ ਪੇਚ

ਸੁਣਵਾਈ ਦੌਰਾਨ ਅਦਾਲਤ ਨੇ ਜੇਲ੍ਹਾਂ ਵਿੱਚ ਜੈਮਰ ਲਗਾਉਣ ਦੇ ਮੁੱਦੇ ’ਤੇ ਸਵਾਲ ਪੁੱਛੇ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜੈਮਰ ਲਗਾਉਣ ਲਈ ਨਿਯਮਤ ਟੈਂਡਰ ਅਤੇ ਹੋਰ ਰਸਮੀ ਕਾਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮੁੱਖ ਸਕੱਤਰ ਨੂੰ ਤਲਬ ਕੀਤਾ। ਅੱਧੇ ਘੰਟੇ ਦਾ ਸਮਾਂ ਦਿੱਤਾ। ਉਸ ਨੂੰ ਅੱਧੇ ਘੰਟੇ ਵਿੱਚ ਵੀਸੀ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਪਰ ਉਹ ਕਿਸਾਨਾਂ ਨਾਲ ਮੀਟਿੰਗ ਕਰਕੇ ਪੇਸ਼ ਨਹੀਂ ਹੋ ਸਕੇ। ਹੁਣ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਸਵੇਰੇ ਹੋਵੇਗੀ।

‘ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ’ – ਵਕੀਲ

ਇਸ ਸਬੰਧੀ ਇੰਟਰਵਿਊ ਦੇ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੋ ਵਕਾਲੀ ਗੌਰਵ ਨੇ ਕਿਹਾ ਕਿ ਅੱਜ ਦੀ ਸੁਣਵਾਈ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਹਨ। ਜਿਸ ਨੇ ਇਹ ਇੰਟਰਵਿਊ ਕਰਵਾਈ ਸੀ। ਇਹ ਕਿਸੇ ਆਮ ਆਦਮੀ ਦਾ ਕੰਮ ਨਹੀਂ ਹੈ। ਹਾਲਾਂਕਿ ਸ਼ੁਰੂ ਤੋਂ ਹੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਵੇਗਾ, ਉਸ ਖ਼ਿਲਾਫ਼ ਸਿੱਧੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਸੁਪਰਵਾਈਜ਼ਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਨਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਤਰੀਕ ਨੂੰ ਤੈਅ ਕੀਤੀ ਗਈ ਹੈ।