ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਤਹਿਤ ਅਤਿਵਾਦੀ ਗਤੀਵਿਧੀਆਂ ਕਤਲ, ਫਿਰੌਤੀ ਅਤੇ ਮਿਥ ਕੇ ਹੱਤਿਆ ਕਰਨ ਦੇ ਦੋਸ਼ਾਂ ਹੇਠ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਐਲਾਨ ਕਰਦਿਆਂ ਕਿਹਾ ਕਿ ਸਾਲ 1996 ਵਿੱਚ ਜਨਮਿਆ ਅਰਸ਼ਦੀਪ ਗਿੱਲ ਉਰਫ਼ ਅਰਸ਼ ਡਾਲਾ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦਾ ਵਾਸੀ ਹੈ ਅਤੇ ਮੌਜੂਦਾ ਸਮੇਂ ਕੈਨੇਡਾ ਰਹਿ ਰਿਹਾ ਹੈ।
ਨੋਟੀਫਿਕੇਸ਼ਨ ਅਨੁਸਾਰ ਗਿੱਲ ਯੂਏਪੀਏ ਤਹਿਤ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਹੈ ਅਤੇ ਉਸ ਦੀ ਸ਼ਹਿ ’ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਇਸੇ ਤਰ੍ਹਾਂ ਗਿੱਲ ਸੰਗੀਨ ਅਪਰਾਧਾਂ ਜਿਵੇਂ ਹੱਤਿਆ, ਫਿਰੌਤੀ ਅਤੇ ਮਿਥ ਕੇ ਹੱਤਿਆ ਆਧਾਰਿਤ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਇਸ ਤੋਂ ਇਲਾਵਾ ਅਤਿਵਾਦੀਆਂ ਨੂੰ ਫੰਡਿਗ, ਸਰਹੱਦ ਪਾਰੋਂ ਵੱਡੇ ਪੱਧਰ ’ਤੇ ਨਸ਼ਾ ਅਤੇ ਹਥਿਆਰ ਤਸਕਰੀ ’ਚ ਸ਼ਾਮਲ ਹੈ ਅਤੇ ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ ਅਤੇ ਉਹ ਕਈ ਕੌਮੀ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਅਰਸ਼ ਗਿੱਲ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ‘ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 35 ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਉਸ ਨੂੰ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
2022 ਵਿੱਚ ਉਸਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਅਰਸ਼ ਡੱਲਾ ਦੁਆਰਾ ਫੰਡ ਕੀਤੇ ਜਾ ਰਹੇ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਆਈਈਡੀ, ਹੈਂਡ ਗ੍ਰਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਡੱਲਾ ਕਈ ਵੱਡੇ ਮਾਮਲਿਆਂ ‘ਚ ਲੋੜੀਂਦਾ ਹੈ ਅਤੇ ਪੁਲਿਸ ਕਈ ਸਾਲਾਂ ਤੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।