The Khalas Tv Blog India ਆਜ਼ਾਦੀ ਦਿਹਾੜੇ ‘ਤੇ ਦੇਸ਼ ਦੇ ਰਖਵਾਲੇ ਹੋਣਗੇ ਸਨਮਾਨਿਤ, ਗੈਲੇਂਟਰੀ ਐਵਾਰਡਸ ਦੀ ਸੂਚੀ ਤਿਆਰ
India

ਆਜ਼ਾਦੀ ਦਿਹਾੜੇ ‘ਤੇ ਦੇਸ਼ ਦੇ ਰਖਵਾਲੇ ਹੋਣਗੇ ਸਨਮਾਨਿਤ, ਗੈਲੇਂਟਰੀ ਐਵਾਰਡਸ ਦੀ ਸੂਚੀ ਤਿਆਰ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗੈਲੇਂਟਰੀ ਅਤੇ ਸਰਵਿਸ ਐਵਾਰਡ ਦੀ ਸੂਚੀ ਤਿਆਰ ਕੀਤੀ ਹੈ ਜਿਸ ਤਹਿਤ ਉੱਤਮ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਕਰਮੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਤ ਕੀਤਾ ਜਾਵੇਗਾ। ਭਾਰਤ ਵਿੱਚ ਦੇਸ਼ ਦੇ ਬਹਾਦਰੀ ਪੁਰਸਕਾਰਾਂ (ਗੈਲੇਂਟਰੀ ਐਵਾਰਡਸ) ਦੀ ਸੂਚੀ ਦਾ ਐਲਾਨ ਹੋ ਗਿਆ ਹੈ। ਗੈਲੇਂਟਰੀ ਐਵਾਰਡਸ ਦੀ ਸੂਚੀ ਵਿੱਚ ਜੰਮੂ-ਕਸ਼ਮੀਰ ਪੁਲਿਸ ਨੂੰ ਪਹਿਲਾ ਸਥਾਨ, ਸੀਆਰਪੀਐੱਫ ਨੂੰ ਦੂਜਾ ਸਥਾਨ ਅਤੇ ਉੱਤਰ ਪ੍ਰਦੇਸ਼ ਪੁਲਿਸ ਨੂੰ ਤੀਜਾ ਸਥਾਨ ਮਿਲਿਆ।

ਭਾਰਤੀ ਗ੍ਰਹਿ ਮੰਤਰਾਲੇ ਨੇ ਅੱਜ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ। ਯੂਪੀ ਤੋਂ 23 ਪੁਲਿਸ ਕਰਮੀਆਂ ਨੂੰ ਗੈਲੇਂਟਰੀ ਐਵਾਰਡ, ਛੇ ਪੁਲਿਸ ਕਰਮੀਆਂ ਨੂੰ ਰਾਸ਼ਟਰਪਤੀ ਐਵਾਰਡ ਤੇ 4 ਪੁਲਿਸ ਕਰਮੀਆਂ ਨੂੰ ਉੱਤਮ ਸੇਵਾਵਾਂ ਲਈ ਸਨਮਾਨਤ ਕੀਤਾ ਜਾਵੇਗਾ।

ਉੱਤਰਾਖੰਡ ਤੋਂ ਚਾਰ ਪੁਲਿਸ ਕਰਮੀਆਂ ਨੂੰ ਮੈਰੀਟੋਰੀਅਸ ਐਵਾਰਡ ਦਿੱਤਾ ਜਾਵੇਗਾ। ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੂੰ ਪੁਲਿਸ ਗੈਲੇਂਟਰੀ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਗੈਲੇਂਟਰੀ ਐਵਾਰਡਸ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਆਈ ਜੰਮੂ-ਕਸ਼ਮੀਰ ਪੁਲਿਸ ਨੂੰ 81 ਮੈਡਲ ਮਿਲਣਗੇ ਅਤੇ ਦੂਜੇ ਸਥਾਨ ‘ਤੇ ਆਈ ਸੀਆਰਪੀਐੱਫ ਨੂੰ 55 ਮੈਡਲ ਹਾਸਲ ਹੋਏ ਹਨ। ਤੀਜਾ ਸਥਾਨ ਹਾਸਲ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ 23 ਮੈਡਲ ਹਾਸਲ ਹੋਏ ਹਨ।

ਗ੍ਰਹਿ ਮੰਤਰਾਲੇ ਵੱਲੋਂ ਕੱਢੀ ਗਈ ਸੂਚੀ ਵਿੱਚ ਝਾਰਖੰਡ ਪੁਲਿਸ ਨੂੰ 24 ਮੈਡਲ, ਅਸਾਮ ਪੁਲਿਸ ਨੂੰ 21 ਮੈਡਲ, ਗੁਜਰਾਤ ਪੁਲਿਸ ਨੂੰ 19 ਮੈਡਲ, ਕਰਨਾਟਕ ਪੁਲਿਸ ਨੂੰ 18 ਗੈਲੇਂਟਰੀ ਐਵਾਰਡ ਹਾਸਲ ਹੋਏ ਹਨ। ਆਂਧਰਾ ਪ੍ਰਦੇਸ਼ ਪੁਲਿਸ ਨੂੰ 16 ਮੈਡਲ, ਛੱਤੀਸਗੜ੍ਹ ਪੁਲਿਸ ਨੂੰ 14 ਮੈਡਲ, ਹਰਿਆਣਾ ਪੁਲਿਸ ਨੂੰ 12 ਮੈਡਲ, ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਚਾਰ-ਚਾਰ ਮੈਡਲ ਅਤੇ ਗੋਆ ਪੁਲਿਸ ਨੂੰ ਇੱਕ ਮੈਡਲ ਪ੍ਰਾਪਤ ਹੋਇਆ ਹੈ।

Exit mobile version