Punjab

ਕੀ ਬੰਦੀ ਸਿੰਘਾਂ ਦੀ ਜਲਦ ਰਿਹਾਈ ਦਾ ਰਸਤਾ ਹੋਇਆ ਸਾਫ਼ ! ਕੇਂਦਰੀ ਮੰਤਰੀ ਸ਼ੇਖਾਵਤ ਨੇ ਜਥੇਦਾਰ ਸ੍ਰੀ ਅਕਾਲ ਨੂੰ ਇਸ ਤਰ੍ਹਾਂ ਦਿਵਾਇਆ ਯਕੀਨ !

ਬਿਊਰੋ ਰਿਪੋਰਟ : 7 ਜਨਵਰੀ ਤੋਂ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੈ। 26 ਜਨਵਰੀ ਨੂੰ ਸਿੰਘਾਂ ਵੱਲੋਂ ਪਰੇਡ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਠਿੰਡਾ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਆਗੂਆਂ ਨੇ ਗਜੇਂਦਰ ਸ਼ੇਖਾਵਤ ਦੇ ਨਾਲ ਮੀਟਿੰਗ ਕਰਨ ਦੇ ਲਈ ਜਥੇਦਾਰ ਸ੍ਰੀ ਅਕਾਲ ਤਖਤ ਤੋਂ ਖਾਸ ਤੌਰ ‘ਤੇ ਸਮਾਂ ਮੰਗਿਆ ਗਿਆ ਸੀ । ਮੁਲਾਕਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੇਂਦਰੀ ਮੰਤਰੀ ਸ਼ੇਖਾਵਤ ਦੇ ਸਾਹਮਣੇ ਚੁੱਕਿਆ। ਜਿਸ ‘ਤੇ ਗਜੇਂਦਰ ਸ਼ੇਖਾਵਤ ਨੇ ਆਪਣੀ ਸਹਿਮਤੀ ਵੀ ਜਤਾਈ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਦੇ ਫਾਰਮ ‘ਤੇ ਵੀ ਹਸਤਾਖਰ ਕੀਤੇ ਹਨ । ਸਾਫ ਹੈ ਕਿ ਬੀਜੇਪੀ ਨੂੰ ਵੀ ਪਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦੇ ਨਾਲ ਸਿੱਧਾ ਜੁੜਿਆ ਹੋਇਆ ਹੈ ਜੇਕਰ ਉਹ ਇਸ ਨੂੰ ਹੱਲ ਕਰਦੀ ਹੈ ਤਾਂ ਪੰਜਾਬ ਵਿੱਚ ਉਸ ਦੀ ਸਿਆਸੀ ਜ਼ਮੀਨ ਮਜ਼ਬੂਤ ਹੋਵੇਗੀ । ਉਧਰ ਕੇਂਦਰੀ ਮੰਤਰੀ ਅਤੇ ਜਥੇਦਾਰ ਸਾਹਿਬ ਦੀ ਮੁਲਾਕਾਤ ਨੂੰ ਲੈਕੇ SGPC ਦਾ ਵੀ ਬਿਆਨ ਸਾਹਮਣੇ ਆਇਆ ਹੈ ।

SGPC ਦਾ ਮੁਲਾਕਾਤ ‘ਤੇ ਬਿਆਨ

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਜਥੇਦਾਰ ਸਾਹਿਬ ਅਤੇ ਬੀਜੇਪੀ ਦੇ ਆਗੂਆਂ ਨਾਲ ਹੋਈ ਮੀਟਿੰਗ ਨੂੰ ਲੈਕੇ ਕੋਈ ਇਤਰਾਜ਼ ਨਹੀਂ ਹੈ। ਕੇਂਦਰੀ ਮੰਤਰੀ ਸੇਖਾਵਤ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਾਏ ਗਏ ਫਾਰਮ ‘ਤੇ ਹਸਤਾਖਰ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਨਜਾਇਜ਼ ਤੌਰ ‘ਤੇ ਬੰਦੀ ਸਿੰਘਾਂ ਨੂੰ ਜੇਲ੍ਹ ਵਿੱਚ ਸਜ਼ਾ ਪੂਰੀ ਕਰਨ ਦੇ ਬਾਵਜੂਦ ਰੱਖਿਆ ਗਿਆ ਹੈ । ਗਰੇਵਾਲ ਨੇ ਕਿਹਾ ਕਿ ਚੰਗਾ ਹੁੰਦਾ ਕਿ ਹਸਤਾਖਰ ਦੇ ਨਾਲ ਸੇਖਾਵਤ ਇਹ ਵੀ ਐਲਾਨ ਕਰਕੇ ਜਾਂਦੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਦੇ ਸਾਹਮਣੇ ਕਿਵੇਂ ਮੁੱਦਾ ਚੁੱਕਣਗੇ ਅਤੇ ਕਦੋਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ ? SGPC ਦੇ ਇਸ ਸਵਾਲ ਦਾ ਜਵਾਬ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਦਿੱਤਾ ਹੈ ।

ਹਰਜੀਤ ਗਰੇਵਾਲ ਦਾ SGPC ਨੂੰ ਜਵਾਬ

ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਇਸ ਨੂੰ ਚੰਗਾ ਸੰਕੇਤ ਦੱਸਿਆ ਹੈ । ਉਨ੍ਹਾਂ ਕਿਹਾ ਸ਼ੇਖਾਵਤ ਭਾਰਤ ਸਰਕਾਰ ਵੱਲੋਂ ਜਥੇਦਾਰ ਨੂੰ ਮਿਲੇ ਹਨ ਅਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਸਹਿਮਤੀ ਜਤਾਉਂਦੇ ਹੋਏ ਫਾਰਮ ‘ਤੇ ਹਸਤਾਖਰ ਕੀਤੇ ਹਨ ਜਲਦ ਹੀ ਇਸ ਦਾ ਐਲਾਨ ਵੀ ਕੀਤਾ ਜਾਵੇਗਾ। ਗਰੇਵਾਲ ਨੇ ਕਿਹਾ ਕੁਝ ਕਾਨੂੰਨੀ ਅਰਚਨਾ ਨੇ ਜਿਸ ‘ਤੇ ਸਰਕਾਰ ਕੰਮ ਕਰ ਰਹੀ ਹੈ ਬੀਜੇਪੀ ਦੇ ਆਗੂ ਨੇ SGPC ਦੇ ਜਨਰਲ ਸਕੱਤਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਵੇਂ ਕੈਬਨਿਟ ਮੰਤਰੀ ਸੇਖਾਵਤ ਭਾਰਤ ਸਰਕਾਰ ਦੇ ਨੁਮਾਇੰਦੇ ਸਨ ਪਰ ਉਹ ਮੌਕੇ ‘ਤੇ ਫੈਸਲਾ ਨਹੀਂ ਕਰ ਸਕਦੇ ਹਨ । ਇਸ ਦੇ ਲਈ ਉੁਨ੍ਹਾਂ ਨੂੰ ਪ੍ਰਧਾਨ ਮੰਤਰੀ,ਗ੍ਰਹਿ ਮੰਤਰੀ ਅਤੇ ਕਾਨੂੰਨੀ ਮਾਹਿਰਾ ਦੀ ਸਲਾਹ ਲੈਣੀ ਹੋਵੇਗੀ। ਇਸ ਤੋਂ ਪਹਿਲਾਂ ਜਦੋਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਸਨ ਤਾਂ ਗਜੇਂਦਰ ਸ਼ੇਖਾਵਤ ਪੰਜਾਬ ਬੀਜੇਪੀ ਦੇ ਚੌਣ ਇੰਚਾਰਜ ਸਨ ਉਸ ਵੇਲੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ SGPC ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਨਾਂ ਦੀ ਲਿਸਟ ਦੇਵੇ ਤਾਂ ਹੀ ਕਾਰਵਾਈ ਕੀਤੀ ਜਾਵੇਗੀ । ਉਸ ਤੋਂ ਬਾਅਦ SGPC ਨੇ ਕੇਂਦਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਲਿਸਟ ਸੌਂਪੀ ਸੀ ਪਰ ਇਸ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ।