ਬਿਉਰੋ ਰਿਪੋਰਟ : G20 ਸੰਮੇਲਨ ਵਿੱਚ ਬ੍ਰਿਟੇਨ ਤੋਂ ਬਾਅਦ ਕੈਨੇਡਾ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਾਲਿਸਤਾਨ ਦਾ ਮੁੱਦਾ ਸਖਤੀ ਦੇ ਨਾਲ ਚੁੱਕਿਆ ਹੈ । ਜਿਸ ਦਾ ਜਵਾਬ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ । ਉਧਰ ਇਸ ਦੌਰਾਨ ਕੈਨੇਡਾ ਦੇ ਕੋਲੰਬਿਆ ਦੇ ਗੁਰੂ ਨਾਨਕ ਗੁਰਦੁਆਰੇ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ ਵੀ ਕਰਵਾਇਆ ਗਿਆ ਹੈ। ਇਹ ਉਹ ਹੀ ਗੁਰਦੁਆਰਾ ਹੈ ਜਿੱਥੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕੁਝ ਮਹੀਨੇ ਪਹਿਲਾਂ ਕਤਲ ਕਰ ਦਿੱਤਾ ਗਿਆ । ਰੈਫਰੈਂਡਮ ਤੋਂ ਬਾਅਦ ਸਿੱਖ ਫਾਰ ਜਸਟਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਖਾਲਿਸਤਾਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ
G20 ਸੰਮੇਲਨ ਦੌਰਾਨ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਦੁਵੱਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੀਐੱਮ ਜਸਟਿਨ ਟਰੂਡੋ ਨੂੰ ਕਿਹਾ ਕੈਨੇਡਾ ਵਿੱਚ ਕੁਝ ਲੋਕ ਭਾਰਤ ਦੇ ਖਿਲਾਫ਼ ਕੰਮ ਕਰ ਰਹੇ ਹਨ । ਜੋ ਕੈਨੇਡਾ ਵਿੱਚ ਭਾਰਤ ਦੇ ਸਫੀਰ ਅਤੇ ਅਧਿਕਾਰੀਆਂ ‘ਤੇ ਹਮਲਾ ਕਰਨ ਲਈ ਉਕਸਾਹ ਰਹੇ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਇਹ ਲੋਕ ਭਾਰਤ ਦੇ ਸਫਾਰਤਖਾਨੇ ਅਤੇ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਨੂੰ ਧਮਕਾਉਣ ਦਾ ਕੰਮ ਕਰ ਰਹੇ ਹਨ ਅਤੇ ਧਾਰਮਿਕ ਥਾਵਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ।
ਪੀਐੱਮ ਮੋਦੀ ਨੇ ਕਿਹਾ ਅਜਿਹੇ ਲੋਕ ਡਰੱਗ ਅਤੇ ਮਨੁੱਖੀ ਤਸਕਰੀ ਦੇ ਨਾਲ ਜੁੜੇ ਹੋਏ ਹਨ ਜੋ ਕਿ ਕੈਨੇਡਾ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੈ । ਇਸ ਲਈ ਦੋਵੇ ਦੇਸ਼ ਇਨ੍ਹਾਂ ਨਾਲ ਸਖਤੀ ਨਾਲ ਨਜਿੱਠਣ ਲਈ ਇੱਕ ਦੂਜੇ ਦਾ ਸਹਿਯੋਗ ਕਰਨ ।
ਭਾਰਤ ਨੇ ਕਿਹਾ ਦੋਵਾਂ ਦੇਸ਼ਾਂ ਦੇ ਲੋਕਰਾਜ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਇੱਕ ਦੂਜੇ ‘ਤੇ ਭਰੋਸੇ ਨੂੰ ਕਾਇਮ ਰੱਖਿਆ ਜਾਵੇ । ਪੀਐੱਮ ਮੋਦੀ ਦੀ ਇਸ ਚਿੰਤਾ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਵੀ ਜਵਾਬ ਆਇਆ ਹੈ ।
ਜਸਟਿਸ ਟਰੂਡੋ ਦਾ ਪੀਐੱਮ ਮੋਦੀ ਨੂੰ ਜਵਾਬ
ਖਾਲਿਸਤਾਨ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਚਿੰਤਾਵਾਂ ‘ਤੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਵਾਬ ਦਿੱਤਾ । ਉਨ੍ਹਾਂ ਕਿਹਾ ‘ਕੈਨੇਡਾ ਹਮੇਸ਼ਾ ਬੋਲਣ ਦੀ ਅਜ਼ਾਦੀ,ਜ਼ਮੀਰ ਦੀ ਅਜ਼ਾਦੀ,ਸ਼ਾਂਤੀਪੂਰਨ ਵਿਰੋਧ ਕਰਨ ਦੀ ਅਜ਼ਾਦੀ ਦੇ ਪੱਖ ਵਿੱਚ ਰਿਹਾ ਹੈ। ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਪਰ ਇਸ ਦੌਰਾਨ ਅਸੀਂ ਨਫਰਤ ਅਤੇ ਹਿੰਦਾ ਦੇ ਖਿਲਾਫ ਵੀ ਹਾਂ । ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਅਗਵਾਈ ਨਹੀਂ ਕਰਦੀਆਂ ਹਨ’ । ਇਸ ਤੋਂ ਪਹਿਲਾਂ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤ ਪਹੁੰਚ ਦੇ ਹੀ ਖਾਲਿਸਤਾਨੀ ਹਮਾਇਤੀਆਂ ਦੇ ਖਿਲਾਫ਼ ਸਖਤ ਬਿਆਨ ਜਾਰੀ ਕੀਤਾ ਸੀ ।
ਰਿਸ਼ੀ ਸੁਨਕ ਦਾ ਖਾਲਿਸਤਾਨ ‘ਤੇ ਬਿਆਨ
G20 ਸ਼ਿਖਰ ਸੰਮੇਲਨ ਵਿੱਚ ਭਾਰਤ ਪਹੁੰਚੇ ਦੇ ਹੀ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖਾਲਿਸਤਾਨ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਸੀ । ਉਨ੍ਹਾਂ ਕਿਹਾ ਸੀ ਕਿ ‘ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਯੂਕੇ ਵਿੱਚ ਕਿਸੇ ਵੀ ਤਰ੍ਹਾਂ ਅੱਤਵਾਦ ਜਾਂ ਹਿੰਸਾ ਕਬੂਲ ਨਹੀਂ ਕੀਤੀ ਜਾਵੇਗੀ। ਇਸੇ ਲਈ ਅਸੀਂ ਖਾਸ ਤੌਰ ‘ਤੇ ਖਾਲਿਸਤਾਨੀ ਹਮਾਇਤੀਆਂ ਨੂੰ ਨਜਿੱਠਣ ਦੇ ਲਈ ਭਾਰਤ ਸਰਕਾਰ ਨਾਲ ਮਿਲਕੇ ਕੰਮ ਕਰ ਰਹੇ ਹਾਂ । ਮੈਨੂੰ ਨਹੀਂ ਲੱਗਦਾ ਹੈ ਕਿ ਇਹ ਲੋਕ ਸਹੀ ਹਨ । ਸਾਡੇ ਸੁਰੱਖਿਆ ਮੰਤਰੀ ਹਾਲ ਵਿੱਚ ਭਾਰਤ ਆਏ ਅਤੇ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਮੁੱਦਿਆ ‘ਤੇ ਗੱਲ ਕੀਤੀ ਸੀ । ਸਾਡੇ ਕੋਲ ਖੁਫਿਆ ਜਾਣਕਾਰੀ ਸਾਂਝੀ ਕਰਨ ਵਾਲੇ ਸਾਰੇ ਇੰਤਜ਼ਾਮ ਹਨ । ਇਸ ਦੇ ਜ਼ਰੀਏ ਅਸੀਂ ਹਿੰਸਾ ਫੈਲਾਉਣ ਵਾਲੇ ਲੋਕਾਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਇਹ ਸਹੀ ਨਹੀਂ ਹੈ ਮੈਂ ਇਸ ਨੂੰ ਯੂਕੇ ਵਿੱਚ ਬਰਦਾਸ਼ਤ ਨਹੀਂ ਕਰਾਂਗਾ। ਇਸ ਤੋਂ ਇਲਾਵਾ ਸੁਨਕ ਨੇ ਕਿਹਾ ਮੈਨੂੰ ਹਿੰਦੂ ਹੋਣ ਤੇ ਮਾਣ ਹੈ’ ।
ਕੈਨੇਡਾ ਵਿੱਚ 10 ਸਤੰਬਰ ਨੂੰ ਰੈਫਰੈਂਡਮ
ਭਾਰਤ ਵਿੱਚ G20 ਸੰਮੇਲਨ ਦੇ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਵਿੱਚ ਇੱਕ ਵਾਰ ਮੁੜ ਤੋਂ ਸਿੱਖ ਫਾਰ ਜਸਟਿਸ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ ਕਰਵਾਇਆ ਗਿਆ । ਪਹਿਲਾਂ ਇਹ ਪ੍ਰੋਗਰਾਮ ਸਕੂਲ ਵਿੱਚ ਹੋਣਾ ਸੀ ਪਰ ਪ੍ਰਬੰਧਕਾਂ ਵੱਲੋਂ ਆਪਣੇ ਹੱਥ ਖਿੱਚ ਲੈਣ ਤੋਂ ਬਾਅਦ ਇਹ ਗੁਰੂ ਨਾਨਕ ਗੁਰਦੁਆਰੇ ਵਿੱਚ ਹੋਇਆ । ਸਿੱਖ ਫਾਰ ਜਸਟਿਸ ਦੇ ਜਨਰਲ ਸਕੱਤਰ ਜਤਿੰਦਰ ਗਰੇਵਾਲ ਦੇ ਮੁਤਾਬਿਕ 1 ਲੱਖ ਲੋਕਾਂ ਨੇ ਇਸ ਵਿੱਚ ਆਪਣੀ ਵੋਟ ਪਾਈ। ਜੋ ਸਾਬਿਤ ਕਰਦਾ ਹੈ ਜ਼ਿਆਦਾਤਰ ਲੋਕ ਖਾਲਿਸਤਾਨ ਦੇ ਹਮਾਇਤੀ ਹਨ।