Punjab

ਅੱਜ ਤੋਂ ਪੰਜਾਬ ‘ਚ ਹਰ ਪਰਿਵਾਰ ਨੂੰ ਮਿਲੇਗੀ 300 ਯੂਨਿਟ FREE ਬਿਜਲੀ

‘ਦ ਖ਼ਾਲਸ ਬਿਊਰੋ : ਪੰਜਾਬ ‘ਚ ਅੱਜ ਤੋਂ 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਹੋ ਗਈ ਹੈ। ਇਸ ਸਕੀਮ ਦੇ ਤਹਿਤ ਇੱਕ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਬਜਟ ਸੈਸ਼ਨ ‘ਚ ਸਰਕਾਰ ਨੇ ਐਲਾਨ ਕੀਤਾ ਸੀ। ਬਜਟ ‘ਚ 300 ਯੂਨਿਟ ਮੁਫ਼ਤ ਬਿਜਲੀ ਲਈ ਵਿਵਸਥਾ ਕੀਤੀ ਗਈ ਹੈ। ਸਰਕਾਰ ਦਾ ਦਾਅਵਾ, 73 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸ਼ਰਤਾਂ ਨਾਲ ਮੁਫ਼ਤ ਬਿਜਲੀ ਮਿਲੇਗੀ। 2 ਮਹੀਨੇ ਦੇ ਬਿੱਲ ਤੇ 600 ਯੂਨਿਟ ਫ੍ਰੀ ਮਿਲਣਗੇ। ਪਰ ਜੇ 600 ਤੋਂ ਇੱਕ ਵੀ ਯੂਨਿਟ ਵੱਧ ਹੁੰਦੀ ਹੈ ਤਾਂ ਪੂਰੇ ਦਾ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ।

ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ..ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਪਾ ਚੁੱਕੀ ਹੈ..ਅੱਜ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ. ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ..

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਵਿਧਾਨ ਸਭਾ ‘ਚ ‘ਆਪ’ ਸਰਕਾਰ ਦਾ ਵਿੱਤੀ ਸਾਲ 2022-23 ਦਾ ਪਹਿਲਾ ਬਜਟ ਪੇਸ਼ ਕੀਤਾ। ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ 1 ਜੁਲਾਈ ਤੋਂ ਸਾਰੇ ਨਾਗਰਿਕਾਂ ਨੂੰ ਹਰ ਮਹੀਨੇ 300 ਯੂਨਿਟ ਘਰੇਲੂ ਬਿਜਲੀ ਸਪਲਾਈ ਮੁਫਤ ਪ੍ਰਦਾਨ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਆਪਣਾ ਪਹਿਲਾ ਗਾਰੰਟੀ (ਵਾਅਦਾ) ਪੂਰਾ ਕਰ ਰਹੀ ਹੈ।’

ਕਿਸਨੂੰ ਇਹ ਸਹੂਲਤ ਮਿਲੇਗੀ ਤੇ ਕਿਸਨੂੰ ਨਹੀਂ, ਇਸ ਬਾਰੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਵਿਚਾਰ ਸਨ, ਪਰ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇਸ ਬਾਰੇ ਖੁੱਲ ਕੇ ਸਪੱਸ਼ਟੀਕਰਨ ਦਿੱਤਾ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਜੇਕਰ ਅਨੁਸੂਚਿਤ ਜਾਤੀ (SC), ਪੱਛੜੀ ਸ਼੍ਰੇਣੀ (BC), ਅਤੇ ਗਰੀਬੀ ਰੇਖਾ ਤੋਂ ਹੇਠਾਂ (BPL) ਸ਼੍ਰੇਣੀਆਂ ਦੇ ਲੋਕ 600 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਦੇ ਹਨ, ਤਾਂ ਇਹ ਲਗਜ਼ਰੀ ਹੋ ਗਿਆ ਹੈ। ਉਨ੍ਹਾਂ ਕਿਹਾ, “ਆਮ ਵਰਗ ਦੇ ਇੱਕ ਆਮ, ਗਰੀਬ ਪਰਿਵਾਰ ਲਈ 600 ਯੂਨਿਟ ਮੁਫ਼ਤ ਬਿਜਲੀ ਕਾਫ਼ੀ ਹੈ।” ਇਹ ਸਕੀਮ 1 ਜੁਲਾਈ ਤੋਂ ਲਾਗੂ ਹੋਵੇਗੀ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵੀ ਇਸ ਸਬੰਧੀ ਟਵੀਟ ਕਰਕੇ ਕਿਹਾ ਕਿ ਮੁਬਾਰਕਬਾਦ ਪੰਜਾਬ…ਪਹਿਲੀ ਗਾਰੰਟੀ ਪੂਰੀ…ਅੱਜ ਤੋਂ ਹਰੇਕ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ…ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸ਼ੁਕਰੀਆ…ਗਰੀਬਾਂ ਅਤੇ ਆਮ ਲੋਕਾਂ ਨੂੰ ‘ਪਾਵਰ’ ਦੇਣ ਦਾ ਕੰਮ ਸਿਰਫ਼ ਕੇਜਰੀਵਾਲ ਜੀ ਹੀ ਮੁਮਕਿਨ ਕਰ ਸਕਦੇ ਨੇ ।