‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਅੱਜ ਦੇਸ਼ ਭਰ ਵਿੱਚ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਇਹ ਐਲਾਨ ਕੀਤਾ ਸੀ ਕਿ 15 ਤੋਂ 18 ਸਾਲ ਦੇ ਬੱਚਿਆਂ ਨੂੰ 3 ਜਨਵਰੀ ਯਾਨਿ ਅੱਜ ਤੋਂ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੂਸਟਰ ਡੋਜ਼ ਲਗਾਉਣ ਦੀ ਮੁਹਿੰਮ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਹਾਲੇ ਸਿਰਫ ਕੋਵੈਕਸੀਨ ਦਾ ਟੀਕਾ ਹੀ ਬੱਚਿਆਂ ਨੂੰ ਲਗਾਇਆ ਜਾਵੇਗਾ।
ਜਿਹੜੇ ਬੱਚਿਆਂ ਦਾ ਜਨਮ 2007 ਜਾਂ ਇਸ ਤੋਂ ਪਹਿਲਾਂ ਹੋਇਆ ਹੈ, ਉਹੀ ਵੈਕਸੀਨ ਲਗਵਾ ਸਕਣਗੇ। ਵੈਕਸੀਨ ਲਗਾਉਣ ਮਗਰੋਂ ਅੱਧਾ ਘੰਟਾ ਬੱਚੇ ਨੂੰ ਦੇਖ-ਰੇਖ ਹੇਠ ਰੱਖਿਆ ਜਾਵੇਗਾ ਅਤੇ ਦੂਜੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਵੇਗੀ। ਮੱਧ ਪ੍ਰਦੇਸ਼, ਤਾਮਿਲਨਾਡੂ, ਕਸ਼ਮੀਰ , ਦਿੱਲੀ ਸਮੇਤ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਟੀਕਾਕਰਣ ਕੇਂਦਰ ਉੱਤੇ ਟੀਕਾ ਲਗਵਾਉਣ ਵਾਲੇ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕੋਵਿਨ ਐਪ ‘ਤੇ ਹੁਣ ਤੱਕ 12 ਲੱਖ ਤੋਂ ਜ਼ਿਆਦਾ ਬੱਚਿਆਂ ਨੇ ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਕਰਵਾ ਲਿਆ ਹੈ।