ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਮਨੁੱਖਤਾ ਦੇ ਭਲੇ ਵਾਲੀ ਇੱਕ ਅਨੋਖੀ ਅਰਦਾਸ ਹੋਈ ਹੈ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਦਾ ਹੋਕਾ ਦਿੰਦੀ ਮੁਹਿੰਮ ਝੋਨਾ ਘਟਾਓ, ਪੰਜਾਬ ਬਚਾਓ ਤਹਿਤ ਜਲ ਚੇਤਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਯਾਤਰਾ ਤਹਿਤ ਪੰਜਾਬ ਵਿੱਚ ਵਾਤਾਵਰਨ ਪ੍ਰੇਮੀਆਂ, ਖੇਤੀਬਾੜੀ ਮਾਹਿਰਾਂ ਅਤੇ ਕੁਦਰਤੀ ਖੇਤੀ ਅਤੇ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਤਕਨੀਕਾਂ ਨਾਲ ਖੇਤੀ ਕਰਨ ਵਾਲੇ ਸਫਲ ਕਿਸਾਨਾਂ ਨੂੰ ਮਿਲ ਕੇ ਉਹਨਾਂ ਦਾ ਤਜ਼ਰਬਾ ਜਾਣਿਆ ਜਾਵੇਗਾ ਅਤੇ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਜਲ ਚੇਤਨਾ ਯਾਤਰਾ ਦੇ ਦੋ ਮੁੱਖ ਉਦੇਸ਼
ਮੁਹਿੰਮ ਦੇ ਕਾਰਜਕਰਤਾ ਭਾਈ ਮਨਧੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਲ ਚੇਤਨਾ ਯਾਤਰਾ ਦੇ ਦੋ ਮੁੱਖ ਉਦੇਸ਼ ਹਨ। ਇੱਕ ਮਕਸਦ ਹੈ ਕਿ ਮਿੱਟੀ, ਪਾਣੀ, ਵਾਤਾਵਰਣ ਸਬੰਧੀ ਜੋ ਮਾਹਿਰ ਹਨ, ਉਨ੍ਹਾਂ ਤੋਂ ਇਨ੍ਹਾਂ ਮਸਲਿਆਂ ਸਬੰਧੀ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਿਆ ਜਾਵੇਗਾ।

ਦੂਜਾ ਮਕਸਦ ਹੈ ਕਿ ਆਮ ਸੰਗਤ, ਆਮ ਲੋਕਾਂ ਨੂੰ ਵਾਤਾਵਰਣ ਨਾਲ ਸਬੰਧੀ ਸਮੱਸਿਆਵਾਂ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਜਾ ਸਕੇ। ਜੋ ਮਨੁੱਖ ਇਸ ਕਾਰਜ ਵਿੱਚ ਅਮਲ ਕਰ ਰਹੇ ਹਨ, ਉਨ੍ਹਾਂ ਦੇ ਤਜ਼ਰਬੇ ਆਮ ਲੋਕਾਂ ਤੱਕ ਪਹੁੰਚਾ ਸਕੀਏ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕ ਵੀ ਵਾਤਾਵਰਣ ਪ੍ਰਤੀ ਗੰਭੀਰ ਹੋਣਗੇ ਅਤੇ ਵਾਤਾਵਰਣ ਦੀ ਸੰਭਾਲ ਕਰਨਗੇ।