‘ਦ ਖ਼ਾਲਸ ਬਿਊਰੋ : ਭਾਰਤ ਅਤੇ ਆਸਟ੍ਰੇਲੀਆ ( India and Australia ) ਵਿਚਕਾਰ ਅੰਤਰਿਮ ਮੁਕਤ ਵਪਾਰ ਸਮਝੌਤਾ (Free trade agreement ) ਵੀਰਵਾਰ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਆਸਟਰੇਲੀਆ ਦੇ ਬਾਜ਼ਾਰ ਵਿੱਚ ਟੈਕਸਟਾਈਲ ਅਤੇ ਚਮੜੇ ਵਰਗੀਆਂ ਹਜ਼ਾਰਾਂ ਘਰੇਲੂ ਵਸਤਾਂ ਨੂੰ ਡਿਊਟੀ ਮੁਕਤ ਪਹੁੰਚ ਮਿਲੇਗੀ।ਬਰਾਮਦਕਾਰਾਂ ਅਤੇ ਉਦਯੋਗਪਤੀਆਂ ਅਨੁਸਾਰ ਇਸ ਸਮਝੌਤੇ ਨਾਲ ਦੁਵੱਲੇ ਵਪਾਰ ਨੂੰ ਪੰਜ ਸਾਲਾਂ ਵਿੱਚ ਲਗਪਗ ਦੁੱਗਣਾ ਕਰਕੇ 45-50 ਅਰਬ ਡਾਲਰ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।
ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ), ’ਤੇ 2 ਅਪਰੈਲ ਨੂੰ ਹਸਤਾਖਰ ਕੀਤੇ ਗਏ ਸਨ। ਇਸ ਨਾਲ ਆਸਟਰੇਲਿਆਈ ਬਾਜ਼ਾਰ ਵਿੱਚ ਟੈਕਸਟਾਈਲ, ਚਮੜਾ, ਫਰਨੀਚਰ, ਗਹਿਣੇ ਅਤੇ ਮਸ਼ੀਨਰੀ ਸਮੇਤ 6,000 ਤੋਂ ਵੱਧ ਖੇਤਰਾਂ ਨਾਲ ਸਬੰਧਤ ਭਾਰਤੀ ਬਰਾਮਦਕਾਰਾਂ ਨੂੰ ਡਿਊਟੀ ਮੁਕਤ ਪਹੁੰਚ ਮਿਲੇਗੀ। ਕਿਰਤ ਆਧਾਰਤ ਖੇਤਰਾਂ ਨੂੰ ਇਸ ਦਾ ਵਧ ਲਾਭ ਹੋਵੇਗਾ, ਜਿਨ੍ਹਾਂ ਵਿੱਚ ਕੱਪੜਾ, ਕੁਝ ਖੇਤਰੀ ਅਤੇ ਮੱਛੀ ਉਤਪਾਦ, ਚਮੜਾ, ਜੁੱਤੀਆਂ, ਫਰਨੀਚਰ, ਖੇਡਾਂ ਦਾ ਸਾਮਾਨ, ਗਹਿਣੇ ਅਤੇ ਬਿਜਲੀ ਦਾ ਸਾਮਾਨ ਸ਼ਾਮਲ ਹਨ।
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਔਰਗਨਾਈਜੇਸ਼ਨ ਦੇ ਮੀਤ ਪ੍ਰਧਾਨ ਖਾਲਿਦ ਖਾਨ ਨੇ ਕਿਹਾ ਕਿ ਆਸਟਰੇਲੀਆ ਭਾਰਤੀ ਬਰਾਮਦਕਾਰਾਂ ਲਈ ਮੁੱਖ ਬਾਜ਼ਾਰਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਪਹਿਲੇ ਦਿਨ ਤੋਂ ਹੀ ਸਾਡੇ ਲਈ ਵਪਾਰ ਦੇ ਕਈ ਮੌਕੇ ਖੋਲ੍ਹੇਗਾ। ਇਸ ਸਮਝੌਤੇ ਤਹਿਤ ਆਸਟਰੇਲੀਆ ਪਹਿਲੇ ਦਿਨ ਤੋਂ ਹੀ ਭਾਰਤ ਨੂੰ 96.4 ਫੀਸਦੀ ਡਿਊਟੀ ਮੁਕਤ ਪਹੁੰਚ ਦੀ ਪੇਸ਼ਕਸ਼ ਕਰ ਰਿਹਾ ਹੈ।
ਇਸ ਵਿੱਚ ਉਹ ਉਤਪਾਦ ਵੀ ਸ਼ਾਮਲ ਹਨ ਜਿਨ੍ਹਾਂ ’ਤੇ ਪਹਿਲਾਂ 4-5 ਫੀਸਦੀ ਡਿਊਟੀ ਲਗਦੀ ਸੀ। ਸਾਲ 2021-22 ਵਿੱਚ ਆਸਟਰੇਲੀਆ ਨਾਲ ਭਾਰਤੀ ਬਰਾਮਦ 8.3 ਅਰਬ ਅਮਰੀਕੀ ਡਾਲਰ ਅਤੇ ਦਰਾਮਦ 16.75 ਅਰਬ ਅਮਰੀਕੀ ਡਾਲਰ ਸੀ। ਆਸਟਰੇਲੀਆ ਤੋਂ ਭਾਰਤੀ ਬਰਾਮਦ ਦਾ 85 ਫੀਸਦੀ ਹਿੱਸਾ ਵੀਰਵਾਰ ਤੋਂ ਟੈਕਸ ਮੁਕਤ ਹੋ ਜਾਵੇਗਾ।
ਵਣਜ ਅਤੇ ਉਦਯੋਗ ਰਾਜ ਮੰਤਰੀ ਪ੍ਰਿਯਾ ਪਟੇਲ ਨੇ 16 ਦਸੰਬਰ ਨੂੰ ਸੰਸਦ ਨੂੰ ਦੱਸਿਆ ਸੀ ਕਿ ਭਾਰਤ ਅਤੇ ਆਸਟਰੇਲੀਆ ਨੇ 2 ਅਪਰੈਲ ਨੂੰ ਮੁਕਤ ਵਪਾਸ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਤੇ ਇਹ ਸਮਝੌਤਾ 29 ਦਸੰਬਰ ਤੋਂ ਅਮਲ ਵਿੱਚ ਆ ਜਾਵੇਗਾ। ਸਮਝੌਤੇ ਦੇ ਸ਼ੁਰੂਆਤੀ ਦੌਰ ਵਿੱਚ ‘ਈਸੀਟੀਏ’ ਲਾਗੂ ਹੋ ਰਿਹਾ ਹੈ, ਹੁਣ ਦੋਵੇਂ ਮੁਲਕ ਸਮਝੌਤੇ ਨੂੰ ਹੋਰ ਵਿਆਪਕ ਬਣਾਉਣ ਲਈ ਗੱਲਬਾਤ ਸ਼ੁਰੂ ਕਰਨਗੇ।