Punjab

ਕਿਸੇ ਵੀ ਜਾਤ, ਧਰਮ ਦੀ ਔਰਤ ਦੀ ਮੁਫਤ ਡਿਲਿਵਰੀ ਲਈ ਸ਼੍ਰੋਮਣੀ ਕਮੇਟੀ ਦਾ ਇਹ ਹਸਪਤਾਲ ਆਇਆ ਅੱਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆ ਪਾਕਿਸਤਾਨ ਤੋਂ ਭਾਰਤ ਵਾਪਸ ਆਏ ਸ਼ਰਧਾਲੂਆਂ ਵਿੱਚੋਂ ਕਈ ਸ਼ਰਧਾਲੂਆਂ ਦੇ ਕਰੋਨਾ ਪਾਜ਼ੀਟਿਵ ਨਿਕਲਣ ‘ਤੇ ਕਿਹਾ ਕਿ ਜੋ ਸ਼ਰਧਾਲੂ ਕਰੋਨਾ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਦਾ ਅਸੀਂ ਇਲਾਜ ਕਰਾਵਾਂਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਲੇ ਪਾਕਿਸਤਾਨ ਤੋਂ ਕੁੱਝ ਸ਼ਰਧਾਲੂ ਆਏ ਹਨ ਅਤੇ ਕੁੱਝ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸ਼ਰਧਾਲੂ ਕਰੋਨਾ ਪਾਜ਼ੀਟਿਵ ਆਏ ਹਨ, ਉਹ ਖੁਦ ਨੂੰ ਇਕਾਂਤਵਾਸ ਕਰ ਲੈਣ ਅਤੇ ਸਿਹਤ ਵਿਭਾਗ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ।

ਬੀਬੀ ਜਗੀਰ ਕੌਰ ਨੇ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਈਏਐੱਸ, ਆਈਪੀਐੱਸ, ਪੀਸੀਐੱਸ ਅਤੇ ਐੱਨਡੀਏ ਦੀ ਕੋਚਿੰਗ ਸ਼ੁਰੂ ਕਰਵੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਇੱਕ ਕਮੇਟੀ ਬਣਾਈ ਸੀ, ਜਿਸ ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ, ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਸਮੇਤ ਬਾਕੀ ਮੈਂਬਰਾਂ ਨੂੰ ਇਸ ਕੋਚਿੰਗ ਲਈ ਇੱਕ ਰਿਪੋਰਟ ਬਣਾਉਣ ਲਈ ਕਿਹਾ ਸੀ, ਜਿਸ ਵਿੱਚ ਕੋਚਿੰਗ ‘ਤੇ ਆਉਣ ਵਾਲੇ ਖਰਚੇ ਬਾਰੇ, ਸਟਾਫ ਕਿਸ ਤਰ੍ਹਾਂ ਦਾ ਰੱਖਣਾ ਹੈ, ਕਿਹੜੀਆਂ ਲੈਬਾਂ ਬਣਨੀਆਂ ਹਨ, ਬਾਰੇ ਦੱਸਣ ਲਈ ਕਿਹਾ ਗਿਆ ਸੀ ਅਤੇ ਕਮੇਟੀ ਨੇ ਅੱਜ ਉਹ ਰਿਪੋਰਟ ਪੇਸ਼ ਕੀਤੀ ਹੈ। ਇਹ ਸਾਰਾ ਕਾਰਜ ਧਰਮ ਪ੍ਰਚਾਰ ਫੰਡ ਵਿੱਚੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਪਟਿਆਲਾ ਵਿੱਚ ਇੱਕ ਇੰਸਟੀਚਿਊਟ ਤਿਆਰ ਕੀਤੀ ਜੀ ਰਹੀ ਹੈ। ਉਸ ਵਿੱਚ ਯੋਗ ਸਟਾਫ ਰੱਖਿਆ ਜਾ ਰਿਹਾ ਹੈ। ਵਿਦਿਆਰਥੀਆਂ ਦੀ ਕੋਚਿੰਗ ਲਈ ਚੋਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇਗੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਲਈ ਰਹਿਣ ਲਈ ਪ੍ਰਬੰਧ, ਖੇਡਾਂ ਦਾ ਪ੍ਰਬੰਧ, ਉਨ੍ਹਾਂ ਲਈ ਖੇਡ ਕਿੱਟਾਂ ਦਾ ਮੁਫਤ ਇੰਤਜ਼ਾਮ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਈ ਵੀ ਖਿਡਾਰੀ ਜੋ ਖੇਡਾਂ ਦੇ ਖੇਤਰ ਵਿੱਚ ਚੰਗੀ ਉਪਲੱਬਧੀ ਪ੍ਰਾਪਤ ਕਰਦਾ ਹੈ, ਉਸਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਲੜਕੀਆਂ ਵਾਸਤੇ ਅਸੀਂ ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਦੀ ਟੀਮ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਕਿਸੇ ਵੀ ਧਰਮ, ਜਾਤ ਦੀ ਔਰਤ ਦੀ ਡਿਲਿਵਰੀ ਬਿਲਕੁਲ ਮੁਫਤ ਕੀਤੀ ਜਾਵੇਗੀ। ਉਸਦੀ ਸਾਰੀ ਦਵਾਈ ਮੁਫਤ ਕੀਤੀ ਜਾਵੇਗੀ। ਜੇਕਰ ਔਰਤ ਦੇ ਘਰ ਬੱਚੀ ਪੈਦਾ ਹੁੰਦੀ ਹੈ ਤਾਂ ਉਸਨੂੰ 1100 ਰੁਪਏ ਸ਼ਗਨ ਪਾਇਆ ਜਾਂਦਾ ਹੈ।