‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਕੈਨੇਡਾ ਦੇ ਕੈਲਕਰੀ ਸ਼ਹਿਰ ਵਿੱਚ ਨਵੀਂ ਖੁੱਲ੍ਹੀ ਇੱਕ ਕਰਿਆਨੇ ਦੀ ਦੁਕਾਨ ‘ਤੇ ਪੰਜਾਬੀਆਂ ਦੀ ਭੀੜ ਲੱਗ ਗਈ। ਇਹ ਭੀੜ ਦੁਕਾਨਦਾਰ ਵੱਲੋਂ ਕੀਤੇ ਗਏ ਇੱਕ ਅਨੋਖੇ ਐਲਾਨ ਦੀ ਵਜ੍ਹਾ ਕਰਕੇ ਇਕੱਠੀ ਹੋਈ ਸੀ। ਦੁਕਾਨਦਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਦੁਕਾਨ ‘ਤੇ ਆਉਣ ਵਾਲੇ ਪਹਿਲੇ 100 ਗ੍ਰਾਹਕਾਂ ਨੂੰ ਸਮਾਨ ਖਰੀਦਣ ਦੇ ਨਾਲ ਇੱਕ ਫਰੀ ਕੁੱਕਰ ਦਿੱਤਾ ਜਾਵੇਗਾ।
ਦੁਕਾਨਦਾਰ ਦੇ ਇਸ ਐਲਾਨ ਨਾਲ ਪੰਜਾਬੀਆਂ ਦੀ ਵੱਡੀ ਭੀੜ ਇਕੱਠੀ ਹੋ ਗਈ ਅਤੇ ਲੋਕ ਦੁਕਾਨ ਦੇ ਅੰਦਰ ਜਾਣ ਲਈ ਜੱਦੋ-ਜਹਿਦ ਹੋਣ ਲੱਗੇ। ਦੁਕਾਨ ਦੇ ਬਾਹਰ ਵੀ ਭਾਰੀ ਗਿਣਤੀ ‘ਚ ਲੋਕ ਦੁਕਾਨ ਦੇ ਅੰਦਰ ਜਾਣ ਦੀ ਉਡੀਕ ਕਰਦੇ ਰਹੇ। ਹਾਲਾਤ ਇੰਨੇ ਬੇਕਾਬੂ ਹੋ ਗਏ ਸਨ ਕਿ ਦੁਕਾਨਦਾਰ ਨੂੰ ਪੁਲਿਸ ਨੂੰ ਬੁਲਾਉਣਾ ਪਿਆ। ਪੁਲਿਸ ਨੇ ਫਰੀ ਕੁੱਕਰ ਲੈਣ ਆਏ ਪੰਜਾਬੀਆਂ ਨੂੰ ਘਰੋਂ-ਘਰੀਂ ਭੇਜਿਆ।
ਹਾਲਾਂਕਿ ਸਮਾਨ ਲੈਣ ਆਏ ਸਾਰੇ ਪੰਜਾਬੀਆਂ ਨੂੰ ਫਰੀ ਕੁੱਕਰ ਤਾਂ ਨਹੀਂ ਮਿਲ ਸਕਿਆ ਪਰ ਇਸ ਦੁਕਾਨਦਾਰ ਦੀ ਸਕੀਮ ਦੇ ਚਰਚੇ ਪੂਰੇ ਕੈਨੇਡਾ ‘ਚ ਜ਼ਰੂਰ ਹੋ ਗਏ। ਫਰੀ ਕੁੱਕਰ ਦੇ ਲਾਲਚ ਨੇ ਲੋਕਾਂ ਨੂੰ ਕੋਰੋਨਾ ਦਾ ਡਰ ਵੀ ਭੁਲਾ ਦਿੱਤਾ ਤੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਕੋਰੋਨਾਵਾਇਰਸ ਤੋਂ ਸੁਰੱਖਿਆ ਦੇ ਲਈ ਬਣਾਏ ਗਏ ਨਿਯਮਾਂ ਦੀ ਰੱਜ ਕੇ ਧੱਜੀਆਂ ਉਡਾਈਆਂ।