ਸਫਰ ਦੇ ਪਹਿਲੇ ਦਿਨ ‘ਦ ਖ਼ਾਲਸ ਟੀਵੀ ਦੇ ਰਿਅਲਟੀ ਚੈੱਕ ਵਿੱਚ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ ਵਾਲੀਆਂ ਔਰਤਾਂ ਦੀ ਕੀ ਪ੍ਰਤਿਕਿਰਆ ਹੈ, ਇਹ ਜਾਨਣ ਲਈ ‘ਦ ਖ਼ਾਲਸ ਟੀਵੀ ਵੱਲੋਂ ਬੱਸਾਂ ਵਿੱਚ ਇਸਦਾ ਰਿਅਲਟੀ ਚੈੱਕ ਕੀਤਾ ਗਿਆ।
ਖਰੜ ਦੇ ਬੱਸ ਸਟੈਂਡ ਤੋਂ ਲੁੱਧਿਆਣਾ ਜਾਣ ਵਾਲੀ ਬੱਸ ਵਿੱਚ ਜਦੋਂ ਬੀਬੀਆਂ ਨਾਲ ਇਸ ਫ੍ਰੀ ਸਫਰ ਦੀ ਸੌਗਾਤ ਬਾਰੇ ਗੱਲ ਕੀਤੀ ਗਈ ਤਾਂ ਤਕਰੀਬਨ ਸਾਰੀਆਂ ਬੀਬੀਆਂ ਨੇ ਕੈਪਟਨ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕੀਤਾ ਹੈ। ਔਰਤਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਫੈਸਲਾ ਉਨ੍ਹਾਂ ਔਰਤਾਂ ਲਈ ਜ਼ਰੂਰ ਫਾਇਦੇਮੰਦ ਹੋਵੇਗਾ ਜੋ ਆਰਥਿਕ ਪੱਖੋਂ ਕਮਜ਼ੋਰ ਹਨ ਤੇ ਇਸ ਕਾਰਨ ਸਫਰ ਕਰਨ ਤੋਂ ਪਰਹੇਜ਼ ਕਰਦੀਆਂ ਹਨ। ਇਸ ਫੈਸਲੇ ਨਾਲ ਕਈ ਪਰਿਵਾਰਾਂ ਨੂੰ ਸੌਖਾ ਸਾਹ ਆਵੇਗਾ।
ਇਸ ਮੌਕੇ ਪੁਰਸ਼ ਯਾਤਰੀਆਂ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੈਪਟਨ ਸਰਕਾਰ ਦੇ ਫੈਸਲੇ ਨੂੰ ਉਹ ਕਿਸ ਤਰ੍ਹਾਂ ਦੇਖ ਰਹੇ ਹਨ ਤਾਂ ਇੱਕ ਯਾਤਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪੁਰਸ਼ ਯਾਤਰੀਆਂ ਦਾ ਪੂਰਾ ਨਹੀਂ ਤਾ ਘੱਟੋ-ਘੱਟ ਅੱਧਾ ਕਿਰਾਇਆ ਮਾਫ ਕਰਨਾ ਚਾਹੀਦਾ ਸੀ, ਹਾਲਾਂਕਿ ਉਨ੍ਹਾਂ ਇਹ ਕਿਹਾ ਕਿ ਇਹ ਫੈਸਲਾ ਸ਼ਲਾਘਾਯੋਗ ਹੈ।
ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਕਿਹਾ ਸਰਕਾਰ ਲੋਕਾਂ ਦੇ ਫਾਇਦੇ ਲਈ ਇਹੋ ਜਿਹੇ ਐਲਾਨ ਜ਼ਰੂਰ ਕਰਦੀ ਹੈ ਪਰ ਸਰਕਾਰੀ ਬੱਸਾਂ ਵਿੱਚ ਕੰਮ ਕਰਨ ਵਾਲਿਆਂ ਦੀ ਸਾਰ ਨਹੀਂ ਲੈ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰੇ ਤਾਂ ਜੋ ਉਨ੍ਹਾਂ ਨੂੰ ਵੀ ਹਰ ਘੜੀ ਆਪਣੇ ਰੁਜ਼ਗਾਰ ਖੁੱਸਣ ਦਾ ਡਰ ਨਾ ਰਹੇ।