‘ਦ ਖ਼ਾਲਸ ਬਿਊਰੋ : ਫਰਾਂਸ ਨੇ ਰੂਸ ਨੂੰ ਗੈਸ ਦਾ ਭੁਗਤਾਨ ਰੂਬਲ ਵਿੱਚ ਕਰਨ ਤੋਂ ਸਾਫ਼ ਮਨਾ ਕਰ ਦਿਤਾ ਹੈ ।ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਸਾਰੇ ਦੇਸ਼ਾਂ ਤੋਂ ਗੈਸ ਨਿਰਯਾਤ ਲਈ ਸਿਰਫ਼ ਰੂਬਲ ਵਿੱਚ ਭੁਗਤਾਨ ਦੀ ਮੰਗ ਕੀਤੀ ਸੀ। ਪੁਤਿਨ ਨੇ ਕਿਹਾ ਸੀ ਕਿ ਹੁਣ ਯੂਰਪੀ ਸੰਘ ਅਤੇ ਅਮਰੀਕਾ ਨੂੰ ਸਾਡੇ ਸਾਮਾਨ ਦੀ ਸਪਲਾਈ ਲਈ ਡਾਲਰ, ਯੂਰੋ ‘ਚ ਭੁਗਤਾਨ ਕਰਨ ਦਾ ਕੋਈ ਮਤਲਬ ਨਹੀਂ ਹੈ।ਸਾਨੂੰ ਭੁਗਤਾਨ ਸਿਰਫ਼ ਰੂਬਲ ਵਿੱਚ ਕੀਤਾ ਜਾਵੇ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬ੍ਰਸੇਲਜ਼ ਵਿੱਚ ਯੂਰਪੀਅਨ ਯੂਨੀਅਨ ਦੇ ਸੰਮੇਲਨ ਤੋਂ ਬਾਅਦ ਇਸ ਬਾਰੇ ਗੱਲ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ”ਮੈਨੂੰ ਨਹੀਂ ਲਗਦਾ ਕਿ ਅਸੀਂ ਇਸਨੂੰ ਲਾਗੂ ਕਰਾਂਗੇ,”
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਨੇ ਜੋ ਬੇਨਤੀ ਕੀਤੀ ਹੈ ਉਸ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਪ੍ਰਮੁੱਖ ਗੈਸ ਖਰੀਦਦਾਰ ਜਰਮਨੀ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ ਅਤੇ ਚਾਂਸਲਰ ਓਲਾਫ ਸਕੋਲਜ਼ ਨੇ ਦੁਹਰਾਇਆ ਕਿ ਇਕਰਾਰਨਾਮੇ ਸਪੱਸ਼ਟ ਤੌਰ ‘ਤੇ ਨਿਰਧਾਰਤ ਕਰਦੇ ਹਨ ਕਿ ਗੈਸ ਲਈ ਭੁਗਤਾਨ ਕਿਵੇਂ ਕੀਤਾ ਜਾਣਾ ਚਾਹੀਦਾ ਹੈ।