India International

ਚੋਣ ਨਤੀਜਿਆਂ ’ਚ ਬੇਵਿਸ਼ਵਾਸੀ ਨੂੰ ਲੈ ਕੇ ਸ਼ੇਅਰ ਬਾਜ਼ਾਰਾਂ ਨੂੰ ਵੱਡਾ ਝਟਕਾ, ਵਿਦੇਸ਼ੀ ਨਿਵੇਸ਼ਕਾਂ ਕੱਢੇ 17,000 ਕਰੋੜ

ਭਾਰਤ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। 7 ਗੇੜਾਂ ਵਿੱਚ ਵੋਟਾਂ ਪੈਣਗੀਆਂ ਤੇ 3 ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ। ਇਸੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਵਾਰ ਦੇ ਚੋਣ ਨਤੀਜਿਆਂ ਵਿੱਚ ਬੇਵਿਸ਼ਵਾਸੀ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਨੇ ਮਈ ਦੇ ਪਹਿਲੇ 10 ਦਿਨਾਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 17,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕਰ ਲਈ ਹੈ।

ਸ਼ੇਅਰਾਂ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ ਵੀ 1,602 ਕਰੋੜ ਰੁਪਏ ਕਢਵਾਏ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਬਾਂਡ ਬਾਜ਼ਾਰ ’ਚ 13,602 ਕਰੋੜ ਰੁਪਏ, ਫ਼ਰਵਰੀ ’ਚ 22,419 ਕਰੋੜ ਰੁਪਏ ਅਤੇ ਜਨਵਰੀ ’ਚ 19,836 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।

ਦਰਅਸਲ ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬੇਵਿਸ਼ਵਾਸੀ ਹੋਣ ਕਰਕੇ ਇਹ ਵਿਦੇਸ਼ੀ ਨਿਵੇਸ਼ਕ ਉੱਚ ਮੁਲਾਂਕਣ ਅਤੇ ਮੁਨਾਫ਼ਾ ਕਮਾਉਣ ਲਈ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਪਿੱਛੇ ਹਟ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ’ਚ FPI ਨੇ ਮਾਰੀਸ਼ਸ ਨਾਲ ਭਾਰਤ ਦੀ ਟੈਕਸ ਸੰਧੀ ’ਚ ਬਦਲਾਅ ਤੇ ਅਮਰੀਕਾ ’ਚ ਬਾਂਡ ਫੀਸਦੀ ਵਿੱਚ ਵਾਧੇ ਕਾਰਨ ਸ਼ੇਅਰ ਬਾਜ਼ਾਰਾਂ ਤੋਂ 8,700 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਇਸ ਤਰ੍ਹਾਂ ਚਾਲੂ ਮਹੀਨੇ ਦੇ ਪਹਿਲੇ 10 ਦਿਨਾਂ ’ਚ FPI ਨੇ ਪਿਛਲੇ ਅਪ੍ਰੈਲ ਤੋਂ ਜ਼ਿਆਦਾ ਪੈਸੇ ਕਢਵਾਏ ਹਨ।

ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਸ਼ੇਅਰਾਂ ’ਚ 35,098 ਕਰੋੜ ਰੁਪਏ ਅਤੇ ਫ਼ਰਵਰੀ ’ਚ 1,539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਗਿਆ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਮ ਚੋਣਾਂ ਤੋਂ ਬਾਅਦ FPI ਭਾਰਤੀ ਬਾਜ਼ਾਰ ਵਿੱਚ ਨਿਵੇਸ਼ ਵਧਾਉਣਗੇ।

ਟ੍ਰੇਡਜਿਨੀ ਦੇ COO ਤ੍ਰਿਵੇਸ਼ ਡੀ ਨੇ ਕਿਹਾ ਕਿ FPI ਚੋਣ ਨਤੀਜੇ ਆਉਣ ਤਕ ਸਾਵਧਾਨ ਹੋ ਸਕਦੇ ਹਨ, ਪਰ ਜੇ ਨਤੀਜੇ ਅਨੁਕੂਲ ਹੁੰਦੇ ਹਨ ਅਤੇ ਸਿਆਸੀ ਸਥਿਰਤਾ ਹੁੰਦੀ ਹੈ, ਤਾਂ ਉਹ ਭਾਰਤੀ ਬਾਜ਼ਾਰਾਂ ’ਚ ਮਹੱਤਵਪੂਰਨ ਨਿਵੇਸ਼ ਕਰ ਸਕਦੇ ਹਨ। ਉਨ੍ਹਾਂ ਨੇ ਇਸ ਮਹੀਨੇ (10 ਮਈ) ਹੁਣ ਤੱਕ ਸ਼ੇਅਰ ਬਾਜ਼ਾਰਾਂ ਤੋਂ 17,083 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।

ਮਾਰਨਿੰਗਸਟਾਰ ਇਨਵੈਸਟਮੈਂਟ ਰੀਸਰਚ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰੀਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਆਮ ਚੋਣਾਂ ਦੇ ਨਤੀਜਿਆਂ ਬਾਰੇ ਬੇਯਕੀਨੀ ਕਾਰਨ FPI ਚੌਕਸ ਹੋ ਗਏ ਹਨ ਤੇ ਉਹ ਚੋਣ ਨਤੀਜਿਆਂ ਤੋਂ ਪਹਿਲਾਂ ਬਾਜ਼ਾਰ ਆਉਣ ਤੋਂ ਝਿਜਕ ਰਹੇ ਹਨ।

ਇਹ ਵੀ ਪੜ੍ਹੋ – PoK ’ਚ ਮਹਿੰਗਾਈ ਨੂੰ ਲੈ ਕੇ ਜ਼ਬਰਦਸਤ ਪ੍ਰਦਰਸ਼ਨ, ASI ਦੀ ਮੌਤ, 70 ਤੋਂ ਵੱਧ ਜ਼ਖ਼ਮੀ, ਰਾਸ਼ਟਰਪਤੀ ਨੇ ਸੱਦੀ ਹੰਗਾਮੀ ਮੀਟਿੰਗ