ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਬੀਤੇ ਦਿਨ ਅੱਤਵਾਦੀ ਹਮਲੇ ਵਿੱਚ ਮਾਰ ਗਏ ਪੰਜ ਜਵਾਨਾਂ ਵਿੱਚੋਂ ਚਾਰ ਪੰਜਾਬ ਤੋਂ ਹਨ। ਸ਼ਹੀਦਾਂ ਵਿੱਚੋਂ ਇੱਕ ਕਾਰਗਿਲ ਸ਼ਹੀਦ ਦਾ ਪੁੱਤ ਵੀ ਸ਼ਾਮਲ ਹੈ। ਮੋਗਾ ਜ਼ਿਲੇ ਦੇ ਪਿੰਡ ਚੜਿੱਕ ਨਾਲ ਸਬੰਧਤ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ।
ਕੁਲਵੰਤ ਸਿੰਘ 14 ਸਾਲ ਪਹਿਲਾਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ। ਕਰੀਬ ਦੋ ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਡਿਊਟੀ ਤੇ ਗਿਆ ਸੀ। ਕੁਲਵੰਤ ਸਿੰਘ ਦੇ ਤਾਇਆ ਮੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ।
ਸ਼ਹੀਦ ਜਵਾਨਾਂ ਵਿਚੋਂ ਇਕ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਾਸੀ ਫੌਜੀ ਸੇਵਕ ਸਿੰਘ ਵੀ ਸ਼ਾਮਲ ਹੈ। ਉਹ 2018 ਵਿਚ ਫੌਜ ਵਿਚ ਭਰਤੀ ਹੋਇਆ ਸੀ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੇਵਕ 20 ਦਿਨ ਪਹਿਲਾਂ ਹੀ ਛੁੱਟੀ ਖਤਮ ਕਰਕੇ ਡਿਊਟੀ ‘ਤੇ ਗਿਆ ਸੀ।
ਇਕ ਹੋਰ ਫੌਜੀ ਜਵਾਨ ਦੀ ਪਛਾਣ ਲੁਧਿਆਣਾ ਦੇ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਲਾਗੇ ਪਿੰਡ ਚਣਕੋਈਆਂ ਕਲਾਂ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਤੇ ਬੇਟਾ ਤੇ ਬੇਟੀ, ਭਰਾਵਾਂ ਸਮੇਤ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।
ਹਰਕਿਸ਼ਨ ਸਿੰਘ 49 ਰਾਸ਼ਟਰੀ ਰਾਇਫਲਸ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਹੈ ਅਤੇ ਉਹ ਭਾਰਤੀ ਫੌਜ ‘ਚੋਂ ਰਿਟਾਇਰਡ ਹਨ। ਉਨ੍ਹਾਂ ਦੇ ਪਿੰਡ ਤਲਵੰਡੀ ਭਰਥ ਖ਼ਬਰ ਪਹੁੰਚਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਹ ਆਪਣੇ ਪਿੱਛੇ ਪਤਨੀ ਦਲਜੀਤ ਕੌਰ ਤੇ ਇਕ ਕਰੀਬ ਦੋ ਸਾਲ ਦੀ ਬੇਟੀ ਛੱਡ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਗਰਭਵਤੀ ਵੀ ਹੈ। ਹਰਕਿਸ਼ਨ ਸਿੰਘ 2017 ਵਿੱਚ ਫੌਜ ਭਰਤੀ ਹੋਏ ਸਨ।
ਪਤਨੀ ਦਲਜੀਤ ਕੌਰ ਨੇ ਦਸਿਆ, “ਬੀਤੇ ਦਿਨ ਪੂਰੇ ਪਰਿਵਾਰ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਬੇਟੀ ਖੁਸ਼ਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਲੰਮੀ ਗੱਲਬਾਤ ਕੀਤੀ ਸੀ।” ਹਰਕਿਸ਼ਨ ਫਰਵਰੀ ਮਹੀਨੇ ‘ਚ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ‘ਤੇ ਗਏ ਸੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਟਵੀਟ ਕਰਦਿਆਂ CM ਮਾਨ ਨੇ ਲਿਖਿਆ ਕਿ -ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਤੋਂ ਸਨ, ਇਕ ਅੱਤਵਾਦੀ ਹਮਲੇ ਵਿਚ ਸ਼ਹੀਦ… “ਸਰਹੱਦਾਂ ਦੇ ਰਖਵਾਲੇ ਅਮਰ ਰਹਿਣ … ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪ੍ਰਣਾਮ ਸ਼ਹੀਦਾਂ ਨੂੰ”।
ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਚ ਸ਼ਹੀਦ…ਸਰਹੱਦਾਂ ਦੇ ਰਖਵਾਲੇ ਅਮਰ ਰਹੇ…ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ …ਪੑਣਾਮ ਸ਼ਹੀਦਾਂ ਨੂੰ ..
— Bhagwant Mann (@BhagwantMann) April 21, 2023
ਇੰਝ ਵਾਪਰਿਆ ਸਾਰਾ ਮਾਮਲਾ
ਉੱਤਰੀ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁਣਛ ਵੱਲ ਜਾ ਰਿਹਾ ਸੀ। ਫੌਜ ਨੇ ਦੱਸਿਆ ਹੈ ਤੇਜ਼ ਮੀਂਹ ਦੀ ਵਜ੍ਹਾ ਕਰਕੇ ਘੱਟ ਵਿਜ਼ੀਬਿਲਟੀ ਦਾ ਫਾਇਦਾ ਚੁੱਕ ਕੇ ਦਹਿਸ਼ਤਗਰਦਾ ਨੇ ਗੋਲੀਬਾਰੀ ਕੀਤੀ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਹੈ। ਫਾਇਰਿੰਗ ਦੇ ਦੌਰਾਨ ਟਰੱਕ ਵਿੱਚ ਅੱਗ ਲੱਗ ਗਈ।
ਫੌਜ ਦੇ ਅਧਿਕਾਰੀ ਨੇ ਦੱਸਿਆ ਪੰਜ ਫ਼ੌਜੀ ਜਵਾਨਾਂ ਦੀ ਮੌਤ ਟਰੱਕ ਵਿਚ ਅੱਗ ਲੱਗਣ ਦੀ ਵਜ੍ਹਾ ਨਾਲ ਹੋਈ। ਹਮਲੇ ਵਿਚ ਇਕ ਜਵਾਨ ਗੰਭੀਰ ਜ਼ਖਮੀ ਹੋਇਆ ਹੈ। ਉਸ ਨੂੰ ਰਾਜੌਰੀ ਵਿਚ ਫੌਜ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਸ਼ਹੀਦ ਹੋਏ ਜਵਾਨ ਰਾਸ਼ਟਰੀ ਰਾਈਫਲਸ ਯੂਨਿਟ ਦੇ ਸਨ। ਉਨ੍ਹਾਂ ਨੂੰ ਇਸ ਇਲਾਕੇ ਵਿਚ ਅੱਤਵਾਦੀਆਂ ਖਿਲਾਫ ਜਾਰੀ ਆਪ੍ਰੇਸ਼ਨ ਵਿਚ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਹਮਲੇ ਦੀ ਜਾਣਕਾਰੀ ਦਿੱਤੀ।