International

ਇਜ਼ਰਾਇਲੀ ਫੌਜ ਦੇ ਬੇਸ ‘ਤੇ ਡਰੋਨ ਹਮਲੇ ‘ਚ 4 ਫੌਜੀਆਂ ਦੀ ਮੌਤ, 60 ਤੋਂ ਵੱਧ ਜ਼ਖਮੀ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਹੈ ਕਿ ਉੱਤਰੀ ਇਜ਼ਰਾਈਲ ਵਿਚ ਉਸ ਦੇ ਇਕ ਫੌਜੀ ਟਿਕਾਣੇ ‘ਤੇ ਡਰੋਨ ਹਮਲੇ ਵਿਚ 4 ਸੈਨਿਕ ਮਾਰੇ ਗਏ ਹਨ, ਜਦੋਂ ਕਿ 60 ਤੋਂ ਵੱਧ ਜ਼ਖਮੀ ਹਨ। ਹਿਜ਼ਬੁੱਲਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਹਮਲਾ ਰਾਜਧਾਨੀ ਤੇਲ ਅਵੀਵ ਤੋਂ 40 ਮੀਲ ਦੂਰ ਹੈਫਾ ਦੇ ਬਿਨਯਾਮੀਨਾ ਕਸਬੇ ਵਿੱਚ ਹੋਇਆ। ਇਜ਼ਰਾਈਲ ਨੇ ਕਿਹਾ ਹੈ ਕਿ ਅਸੀਂ ਮਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅਜਿਹੇ ਮੌਕੇ ‘ਤੇ ਕੋਈ ਵੀ ਅਫਵਾਹ ਫੈਲਾਵੇ ਅਤੇ ਜ਼ਖਮੀਆਂ ਦੇ ਨਾਂ ਉਜਾਗਰ ਕਰੇ।

ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਾਰੀ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਕੋਈ ਡਰੋਨ ਬਿਨਾਂ ਕਿਸੇ ਚੇਤਾਵਨੀ ਦੇ ਇਜ਼ਰਾਈਲੀ ਹਵਾਈ ਖੇਤਰ ਦੇ ਅੰਦਰ ਕਿਵੇਂ ਆ ਸਕਦਾ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਬਿਹਤਰ ਸੁਰੱਖਿਆ ਕਰਨੀ ਚਾਹੀਦੀ ਸੀ।

IDF ਨੇ ਕਿਹਾ ਕਿ ਇਹ ਹਮਲਾ ਉੱਤਰੀ ਇਜ਼ਰਾਈਲ ਦੇ ਸ਼ਹਿਰ ਹੈਫਾ ਤੋਂ 33 ਕਿਲੋਮੀਟਰ ਦੂਰ ਸਥਿਤ ਕਸਬੇ ਬਿਨਯਾਮਿਨ ਦੇ ਨੇੜੇ ਇੱਕ ਬੇਸ ਕੈਂਪ ‘ਤੇ ਕੀਤਾ ਗਿਆ ਸੀ। ਹਿਜ਼ਬੁੱਲਾ ਦੇ ਮੀਡੀਆ ਦਫਤਰ ਨੇ ਦੱਸਿਆ ਕਿ ਵੀਰਵਾਰ ਨੂੰ ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਅਤੇ ਬੇਰੂਤ ‘ਚ ਹਮਲਾ ਕੀਤਾ ਸੀ। ਇਹ ਡਰੋਨ ਹਮਲਾ ਉਸ ਦੇ ਜਵਾਬ ਵਿੱਚ ਕੀਤਾ ਗਿਆ ਸੀ।

ਇਜ਼ਰਾਇਲੀ ਐਂਬੂਲੈਂਸ ਸੇਵਾ MDA ਨੇ ਕਿਹਾ ਹੈ ਕਿ ਇਸ ਹਮਲੇ ‘ਚ 61 ਲੋਕ ਜ਼ਖਮੀ ਹੋਏ ਹਨ। 37 ਜ਼ਖ਼ਮੀਆਂ ਨੂੰ ਐਂਬੂਲੈਂਸਾਂ ਜਾਂ ਹੈਲੀਕਾਪਟਰਾਂ ਰਾਹੀਂ 8 ਖੇਤਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ।