ਫ਼ਤਿਹਗੜ੍ਹ ਸਾਹਿਬ ( Fatehgarh Sahib ) ਦੀ ਪੁਲਿਸ ਨੇ ਅਗਵਾ ਹੋਏ ਇਕ ਮਹੀਨੇ ਦੇ ਬੱਚੇ ਨੂੰ ਛੇ ਘੰਟਿਆਂ ਅੰਦਰ ਲੱਭ ਕੇ ਬਾਲ ਭਲਾਈ ਕਮੇਟੀ ਦੀ ਟੀਮ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਅਨਿਲ ਗੁਪਤਾ ਨੇ ਇਸ ਬੱਚੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਔਰਤਾਂ, ਇਕ ਔਰਤ ਨੂੰ ਚਕਮਾ ਦੇ ਕੇ ਇਕ ਮਹੀਨੇ ਦਾ ਬੱਚਾ ਅਗਵਾ ਕਰ ਕੇ ਫ਼ਰਾਰ ਹੋ ਗਈਆਂ ਸਨ।
ਬੱਚੇ ਦੇ ਪਿਤਾ ਪਵਨ ਕੁਮਾਰ ਵਾਸੀ ਲਾਲ ਬਾਦ, ਯੂਪੀ ਹਾਲ ਵਾਸੀ ਸਰਹਿੰਦ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਸੁਨੀਤਾ ਕੁਮਾਰੀ ਨੇ ਪਹਿਲੀ ਫਰਵਰੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਕ ਲੜਕੇ ਨੂੰ ਜਨਮ ਦਿੱਤਾ ਸੀ। ਉਹ 6 ਮਾਰਚ ਨੂੰ ਕੰਮ ’ਤੇ ਚਲਾ ਗਿਆ ਤੇ ਪਿੱਛੋਂ ਉਸ ਦੀ ਪਤਨੀ ਬੱਚਿਆਂ ਸਣੇ ਆਪਣੇ ਕਿਰਾਏ ਦੇ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਦੁਪਹਿਰ ਕਰੀਬ 12.30 ਵਜੇ ਨਾਮਲੂਮ ਔਰਤਾਂ ਉਸ ਦੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਜਨਮ ਸਰਟੀਫ਼ੀਕੇਟ ਬਣਾਉਣ ਦਾ ਝਾਂਸਾ ਦੇ ਕੇ ਉਸ ਦੇ ਬੱਚੇ ਨੂੰ ਲੈ ਗਈਆਂ।
ਪੁਲਿਸ ਨੇ ਦੋ ਨਾ-ਮਾਲੂਮ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਫਤੀਸ਼ ਸੁਰੂ ਕੀਤੀ ਗਈ ਅਤੇ ਕਰੀਬ ਛੇ ਘੰਟਿਆਂ ਦੇ ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ। ਬੱਚੇ ਦੀ ਮੈਡੀਕਲ ਜਾਂਚ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਕਰਵਾਈ ਗਈ। ਬੱਚਾ ਲੈ ਕੇ ਜਾਣ ਵਾਲੀਆਂ ਔਰਤਾਂ ਦੀ ਪਛਾਣ ਵਿਧਵਾ ਔਰਤ ਮਨਜੀਤ ਕੌਰ ਵਾਸੀ ਫ਼ਤਹਿਪੁਰ ਅਰਾਈਆਂ ਹਾਲ ਵਾਸੀ ਪੁਲਿਸ ਕਲੋਨੀ ਥਾਣਾ ਫਤਹਿਗੜ੍ਹ ਸਾਹਿਬ, ਸੁਨੀਤਾ ਦੇਵੀ ਵਾਸੀ ਫ਼ਤਹਿਪੁਰ ਅਰਾਈਆਂ ਹਾਲ ਵਾਸੀ ਮੁਹਲਾ ਜੱਟਪੁਰਾ, ਸਰਹਿੰਦ ਸ਼ਹਿਰ ਵਜੋਂ ਹੋਈ।
ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿਛ ਦੌਰਾਨ ਲੱਛਮੀ ਵਾਸੀ ਪਿੰਡ ਤਰਾਪਸ (ਗੁਜਰਾਤ) ਹਾਲ ਵਾਸੀ ਹਮਾਯੂੰਪੁਰ, ਸਰਹਿੰਦ ਅਤੇ ਮਨਮੋਹਨ ਸਿੰਘ ਵਾਸੀ ਫ਼ਤਹਿਪੁਰ ਅਰਾਈਆਂ ਹਾਲ ਵਾਸੀ ਮੁਹੱਲਾ ਜੱਟਪੁਰਾ, ਸਰਹਿੰਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਡੀਐੱਸਪੀ ਨੇ ਦੱਸਿਆ ਕਿ ਮਨਜੀਤ ਕੌਰ ਥਾਣਾ ਫ਼ਤਹਿਗੜ੍ਹ ਸਾਹਿਬ ਵਿੱਚ ਕੱਚੇ ਤੌਰ ’ਤੇ ਸਫ਼ਾਈ ਸੇਵਕ ਵਜੋਂ ਕੰਮ ਕਰਦੀ ਹੈ।