‘ਦ ਖ਼ਾਲਸ ਬਿਊਰੋ :- ਜਲੰਧਰ ‘ਚ ਪਿੰਡ ਸ਼ੇਰਪੁਰ ਦੇ ਨੇੜਲੇ ਮਾਹਮਦਪੁਰ ‘ਚ 12 ਸਾਲਾ ਲੜਕੀ ਪਰਦੀਪ ਕੌਰ, ਉਸ ਦੇ ਪਿਤਾ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਫ਼ੌਜੀ, ਬਲਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸੁੱਖਾ ਕੱਲ੍ਹ ਸਵੇਰੇ 5 ਵਜੇ ਪਿੰਡ ਦੇ ਮੋਬਾਈਲ ਟਾਵਰ ’ਤੇ ਚੜ੍ਹ ਗਏ, ਅਤੇ ਉਨ੍ਹਾਂ ਦੇ ਸਮਰਥਕਾਂ ਨੇ ਟਾਵਰ ਹੇਠਾਂ ਰੋਸ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸ਼ੇਰਪੁਰ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਪਰਚਾ ਬਿਨਾਂ ਸ਼ਰਤ ਰੱਦ ਕੀਤਾ ਜਾਵੇ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸੇ ਟਾਵਰ ਤੋਂ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਪਿੰਡ ਵਿੱਚ ਧੜ੍ਹਾਬੰਦੀ ਕਾਰਨ ਪਹਿਲਾਂ ਬੀਤੀ ਪਹਿਲੀ ਜੁਲਾਈ ਨੂੰ ਪਿੰਡ ਦੇ ਅਫ਼ਜ਼ਲ ਮੁਹੰਮਦ (26) ਨੇ ਜ਼ਹਿਰਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ, ਅਤੇ ਇਸ ਮਗਰੋਂ ਪਿੰਡ ਦੇ ਇੱਕ ਸਾਬਕਾ ਸਰਪੰਚ ਤੇ ਕੁੱਝ ਹੋਰ ਵਿਅਕਤੀਆਂ ਖ਼ਿਲਾਫ਼ ਸ਼ੇਰਪੁਰ ਪੁਲੀਸ ਨੇ ਮਰਨ ਲਈ ਮਜ਼ਬੂਰ ਕਰਨ ਦਾ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਇਸੇ ਪਰਚੇ ਵਿੱਚ ਸ਼ਾਮਲ ਜਰਨੈਲ ਸਿੰਘ ਮਾਹਮਦਪੁਰ ਦੇ ਸਕੇ ਭਰਾ ਬਲਵੀਰ ਸਿੰਘ ਬੀਰਾ ਵੀ ਬੀਤੀ ਪਹਿਲੀ ਅਗਸਤ ਨੂੰ ਇਸੇ ਟਾਵਰ ’ਤੇ ਚੜ੍ਹਿਆ ਸੀ, ਜਿਸ ਨੇ ਆਪਣੇ ਭਰਾ ਸਮੇਤ ਹੋਰਨਾਂ ਖ਼ਿਲਾਫ਼ ਦਰਜ ਕੇਸ ਨੂੰ ਝੂਠਾ ਕਰਾਰ ਦਿੱਤਾ ਸੀ, ਟਾਵਰ ਤੋਂ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਰਹੂਮ ਬੀਰਾ ਦੀ ਮੌਤ ਦੇ ਮਾਮਲੇ ਵਿੱਚ ਸਾਬਕਾ ਸਰਪੰਚ ਗੁਰਮੀਤ ਸਿੰਘ ਫ਼ੌਜੀ ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਸਾਬਕਾ ਸਰਪੰਚ ਗੁਰਮੀਤ ਸਿੰਘ ਫ਼ੌਜੀ ਨੇ ਟਾਵਰ ਤੋਂ ਮੋਬਾਈਲ ਰਾਹੀਂ ਸੰਪਰਕ ਕਰਦਿਆਂ ਜ਼ਿਲ੍ਹੇ ਦੇ ਇੱਕ ਪੁਲੀਸ ਅਧਿਕਾਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਰਜ ਕੇਸ ਬਿਲਕੁਲ ਝੂਠਾ ਹੈ। ਉਹ ਬਿਨਾਂ ਸ਼ਰਤ ਕੇਸ ਰੱਦ ਕਰਨ ਮਗਰੋਂ ਹੀ ਟਾਵਰ ਤੋਂ ਹੇਠਾਂ ਆਉਣਗੇ। ਉਨ੍ਹਾਂ ਦੀ ਧੀ ਨੇ ਵੀ ਆਪਣੇ ਪਿਤਾ ਨਾਲ ਹੀ ਹੇਠਾਂ ਆਉਣ ਦਾ ਖੁਲਾਸਾ ਕੀਤਾ।
ਮਾਮਲੇ ਦੀ ਪੜਤਾਲ ਜਾਰੀ
ਖ਼ਬਰ ਲਿਖੇ ਜਾਣ ਤੱਕ ਟਾਵਰ ’ਤੇ ਚੜ੍ਹੇ ਸਾਬਕਾ ਸਰਪੰਚ ਦੇ ਮਾਮਲੇ ’ਚ ਸਬੰਧਤ SHO ਸਮੇਤ ਉਨ੍ਹਾਂ ਦੇ ਸਮਰਥਕ SSP ਸੰਗਰੂਰ ਨਾਲ ਗੱਲਬਾਤ ਲਈ ਗਏ ਹੋਏ ਸਨ, ਜਿਸ ਦੇ ਫ਼ੈਸਲੇ ਨੂੰ ਉਡੀਕਿਆ ਜਾ ਰਿਹਾ ਸੀ। DSP ਪਰਮਜੀਤ ਸਿੰਘ ਨੇ ਕਿਹਾ ਕਿ ਪੜਤਾਲ ਚੱਲ ਰਹੀ ਹੈ, ਜੋ ਸਹੀ ਹੋਇਆ ਉਹੀ ਹੋਵੇਗਾ।