ਬਿਊਰੋ ਰਿਪੋਰਟ (ਮੁਹਾਲੀ, 26 ਨਵੰਬਰ 2025): ਮੁਹਾਲੀ ਦੇ ਡੇਰਾਬੱਸੀ-ਅੰਬਾਲਾ ਹਾਈਵੇਅ ’ਤੇ ਮੰਗਲਵਾਰ ਦੁਪਹਿਰ ਨੂੰ ਪੰਜਾਬ ਪੁਲਿਸ ਅਤੇ ਲਾਰੈਂਸ ਗੈਂਗ ਦੇ ਸ਼ੂਟਰਾਂ ਵਿਚਕਾਰ ਇੱਕ ਭਿਆਨਕ ਮੁਕਾਬਲਾ (ਐਨਕਾਊਂਟਰ) ਹੋਇਆ। ਪੁਲਿਸ ਨੇ ਇਸ ਐਨਕਾਊਂਟਰ ਦੌਰਾਨ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ, ਜਿਨ੍ਹਾਂ ਵਿੱਚੋਂ ਦੋ ਸ਼ੂਟਰਾਂ ਨੂੰ ਗੋਲ਼ੀਆਂ ਲੱਗੀਆਂ ਹਨ।
ਜ਼ਖ਼ਮੀ ਹੋਏ ਮੁਲਜ਼ਮਾਂ ਨੂੰ ਪੁਲਿਸ ਨੇ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਸ਼ੂਟਰ ਅੱਜ ਇਸ ਇਲਾਕੇ ਵਿੱਚ ਆਉਣ ਵਾਲੇ ਹਨ, ਜਿਸ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਘੇਰਾਬੰਦੀ ਕੀਤੀ ਸੀ। ਮੁਲਜ਼ਮਾਂ ਵੱਲੋਂ ਪਹਿਲਾਂ ਗੋਲ਼ੀਬਾਰੀ ਕੀਤੀ ਗਈ, ਜਿਸ ਦੇ ਜਵਾਬੀ ਹਮਲੇ ਵਿੱਚ ਦੋ ਬਦਮਾਸ਼ ਜ਼ਖ਼ਮੀ ਹੋਏ।
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਨੂੰ ਅਸਥਿਰ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ।

