Punjab

ਲੀਬੀਆ ‘ਚ ਫਸੇ 2 ਪੰਜਾਬੀਆਂ ਸਣੇ ਚਾਰ ਭਾਰਤੀ ਪਰਤੇ ਦੇਸ਼

Four Indians including 2 Punjabis trapped in Libya returned to the country

‘ਦ ਖ਼ਾਲਸ ਬਿਊਰੋ : ਲੀਬੀਆ ਦੇ ਬੇਂਗਾਜੀ ਸ਼ਹਿਰ ਦੀ ਸੀਮੈਂਟ ਫੈਕਟਰੀ ‘ਚ ਬੰਧਕ ਬਣਾ ਕੇ ਰਖੇ ਗਏ 9 ਪੰਜਾਬੀਆਂ ਸਣੇ 12 ਭਾਰਤੀਆਂ ਵਿੱਚੋਂ ਚਾਰ ਲੋਕ ਸ਼ਨੀਵਾਰ ਨੂੰ ਦੇਸ਼ ਪਰਤ ਆਏ। ਇਨ੍ਹਾਂ ਵਿੱਚੋਂ ਦੋ ਪੰਜਾਬ ਦੇ ਰਹਿਣ ਵਾਲੇ ਹਨ ਜਦਕਿ ਦੋ ਹੋਰ ਰਾਜਾਂ ਦੇ ਹਨ। ਮੰਤਰੀ ਹਰਜੋਤ ਬੈਂਸ ਤੇ ਰੋਪੜ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀਆਂ ਕੋਸ਼ਿਸ਼ਾਂ ਮਗਰੋਂ ਇਹ ਚਾਰੇ ਭਾਰਤ ਪਰਤ ਸਕੇ। ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਬਾਕੀ ਅੱਠ ਭਾਰਤੀਆਂ ਨੂੰ ਵੀ ਜਲਦੀ ਹੀ ਵਾਪਿਸ ਲਿਆਇਆ ਜਾ ਰਿਹਾ ਹੈ।

ਭਾਜਪਾ ਦੇ ਰੋਪੜ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕੀਤਾ ਸੀ। ਇਸ ਮਗਰੋਂ ਵਿਦੇਸ਼ ਮੰਤਰਾਲਾ ਨੇ ਲੀਬੀਆ ਸਰਕਾਰ ਨਾਲ ਗੱਲ ਕਰਕੇ ਸਾਰਿਆਂ ਨੂੰ ਸੀਮੈਂਟ ਫੈਕਟਰੀ ਤੋਂ ਆਜ਼ਾਦ ਕਰਵਾਇਆ। ਇਨ੍ਹਾਂ ਵਿੱਚੋਂ ਚਾਰ ਲੋਕ ਸ਼ਨੀਵਾਰ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚ ਗਏ ਹਨ। ਉਥੋਂ ਇਨ੍ਹਾਂ ਚਾਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਪੰਜਾਬ, ਹਿਮਾਚਲ ਅਤੇ ਬਿਹਾਰ ਦੇ 12 ਨੌਜਵਾਨ ਜੋ ਪੈਸੇ ਕਮਾਉਣ ਲਈ ਲੀਬੀਆ ਗਏ ਸਨ, ਨੂੰ ਉਥੋਂ ਦੀ ਐਲੀਸੀ ਫੈਕਟਰੀ ਵਿੱਚ ਬੰਧਕ ਬਣਾ ਲਿਆ ਗਿਆ। ਖਾਣ-ਪੀਣ ਦਾ ਸਾਮਾਨ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਨੌਜਵਾਨਾਂ ਨੇ ਵੀਡੀਓ ‘ਚ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਉਹ ਭੁੱਖ-ਪਿਆਸ ਨਾਲ ਮਰ ਜਾਣਗੇ।

ਨੌਜਵਾਨਾਂ ਨੇ ਵੀਡੀਓ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਬੰਧਕ ਬਣਾਉਣ ਵਾਲੇ ਲੋਕ ਪ੍ਰਤੀ ਵਿਅਕਤੀ 3-3 ਹਜ਼ਾਰ ਡਾਲਰ ਮੰਗ ਰਹੇ ਹਨ। ਇਹ ਲੋਕ ਪੈਸੇ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੱਡਣ ਲਈ ਕਹਿ ਰਹੇ ਹਨ। ਬੰਧਕ ਬਣਾਏ ਗਏ 12 ਭਾਰਤੀਆਂ ਵਿੱਚੋਂ 9 ਪੰਜਾਬ ਦੇ ਸਨ। ਪੰਜਾਬ ਦੇ 9 ਨੌਜਵਾਨਾਂ ਵਿੱਚੋਂ 7 ਰੋਪੜ ਅਤੇ ਇੱਕ-ਇੱਕ ਮੋਗਾ ਅਤੇ ਕਪੂਰਥਲਾ ਤੋਂ ਸੀ। 9 ਪੰਜਾਬੀਆਂ ਤੋਂ ਇਲਾਵਾ ਬਾਕੀ ਤਿੰਨ ਨੌਜਵਾਨ ਹਿਮਾਚਲ ਅਤੇ ਬਿਹਾਰ ਦੇ ਸਨ।

ਨੌਜਵਾਨਾਂ ਮੁਤਾਬਕ ਉਨ੍ਹਾਂ ਨੂੰ ਇੱਕ ਏਜੰਟ ਨੇ ਲੀਬੀਆ ਦੇ ਸ਼ਹਿਰ ਬੇਂਗਾਜ਼ੀ ਵਿੱਚ ਐਲਸੀਸੀ ਸੀਮੈਂਟ ਫੈਕਟਰੀ ਵਿੱਚ ਕੰਮ ਕਰਨ ਲਈ ਭੇਜਿਆ ਸੀ। ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਕੰਮ ਦੇਣ ਦੀ ਬਜਾਏ ਬੰਧਕ ਬਣਾ ਲਿਆ। ਉਨ੍ਹਾਂ ਨੂੰ ਫੈਕਟਰੀ ਦੇ ਗੇਟ ਤੱਕ ਵੀ ਨਹੀਂ ਜਾਣ ਦਿੱਤਾ ਗਿਆ।