ਅਮਰੀਕਾ ਦੇ ਟੈਕਸਾਸ ਦੇ ਪ੍ਰਿੰਸਟਨ ‘ਚ ਮਨੁੱਖੀ ਤਸਕਰੀ ਦੇ ਮਾਮਲੇ ‘ਚ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਰਿਪੋਰਟ ਦੇ ਅਨੁਸਾਰ, ਪ੍ਰਿੰਸਟਨ ਪੁਲਿਸ ਨੇ 24 ਸਾਲਾ ਚੰਦਨ ਦਾਸੀਰੈੱਡੀ, 31 ਸਾਲਾ ਸੰਤੋਸ਼ ਕਟਕੁਰੀ, 31 ਸਾਲਾ ਦਵਾਰਕਾ ਗੁੰਡਾ ਅਤੇ 37 ਸਾਲਾ ਅਨਿਲ ਮਰਦ ਨੂੰ ‘ਜ਼ਬਰਦਸਤੀ ਮਜ਼ਦੂਰੀ’ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਇਹ ਗ੍ਰਿਫਤਾਰੀਆਂ ਉਦੋਂ ਕੀਤੀਆਂ ਗਈਆਂ ਜਦੋਂ ਪ੍ਰਿੰਸਟਨ ਪੁਲਿਸ ਨੇ ਲਗਭਗ 15 ਔਰਤਾਂ ਲੱਭੀਆਂ ਜੋ ਇੱਕੋ ਘਰ ਵਿੱਚ ਰਹਿੰਦੀਆਂ ਸਨ, ਫਰਸ਼ ‘ਤੇ ਸੌਂ ਰਹੀਆਂ ਸਨ। ਪ੍ਰਿੰਸਟਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੋਲਿਨ ਕਾਉਂਟੀ ਵਿੱਚ ਗਿਨਸਬਰਗ ਲੇਨ ਉੱਤੇ ਇੱਕ ਘਰ ਵਿੱਚ ਇੱਕ ਸੰਭਾਵਿਤ ਮਨੁੱਖੀ ਤਸਕਰੀ ਰੈਕੇਟ ਬਾਰੇ ਮਾਰਚ ਵਿੱਚ ਪੈਸਟ ਕੰਟਰੋਲ ਵਿਭਾਗ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
ਇੱਕ ਰਿਪੋਰਟ ਦੇ ਅਨੁਸਾਰ, ਮਾਰਚ ਵਿੱਚ ਪੈਸਟ ਕੰਟਰੋਲ ਵਿਭਾਗ ਨੂੰ ਘਰ ਬੁਲਾਇਆ ਗਿਆ ਸੀ ਪਰ ਜਦੋਂ ਇੰਸਪੈਕਟਰ ਅੰਦਰ ਗਿਆ ਤਾਂ ਦੇਖਿਆ ਕਿ ਕਮਰੇ ਦੇ ਫਰਸ਼ ‘ਤੇ 15 ਦੇ ਕਰੀਬ ਔਰਤਾਂ ਸੌਂ ਰਹੀਆਂ ਸਨ। “ਉੱਥੇ ਵੱਡੀ ਮਾਤਰਾ ਵਿੱਚ ਸੂਟਕੇਸ ਵੀ ਸਨ। ਪੁਲਿਸ ਨੇ ਦੱਸਿਆ ਕਿ ਜਿਸ ਘਰ ‘ਚ ਕਥਿਤ ਮਨੁੱਖੀ ਤਸਕਰੀ ਹੋ ਰਹੀ ਸੀ, ਉਸ ਦੇ ਅੰਦਰ ਕਈ ਕੰਪਿਊਟਰ, ਇਲੈਕਟ੍ਰੋਨਿਕਸ ਅਤੇ ਕੰਬਲ ਤਾਂ ਸਨ ਪਰ ਉਥੇ ਕੋਈ ਫਰਨੀਚਰ ਨਹੀਂ ਸੀ।
ਇਸ ਤੋਂ ਇਲਾਵਾ ਇੱਕ ਹੋਰ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਘਰ ਤੋਂ ਛੁਡਵਾਈਆਂ ਗਈਆਂ 15 ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਈ ਫਰਜ਼ੀ ਕੰਪਨੀਆਂ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਪ੍ਰਿੰਸਟਨ ਪੁਲਿਸ ਨੇ ਕਿਹਾ ਕਿ ਕਈ ਹੋਰ ਲੋਕ, ਮਰਦ ਅਤੇ ਔਰਤਾਂ ਦੋਵੇਂ, ਵੀ ਜਬਰੀ ਮਜ਼ਦੂਰੀ ਦਾ ਸ਼ਿਕਾਰ ਹੋਏ ਸਨ ਅਤੇ ਸ਼ੈੱਲ ਕੰਪਨੀਆਂ ਲਈ ਪ੍ਰੋਗਰਾਮਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਪ੍ਰਿੰਸਟਨ, ਮੇਲਿਸਾ ਅਤੇ ਮੈਕਕਿਨੀ ਦੇ ਕਈ ਹੋਰ ਟਿਕਾਣਿਆਂ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਨੇ ਹੋਰ ਥਾਵਾਂ ਤੋਂ ਲੈਪਟਾਪ ਅਤੇ ਫੋਨ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਸਨ।