‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਨੂੰ ਅੱਜ ਪੂਰੇ ਵਿਸ਼ਵ ਭਰ ਦਾ ਸਹਿਯੋਗ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੀਆਂ ਦੁਖਦਾਈ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਿੱਲੀ ਮੋਰਚੇ ਤੋਂ ਪਰਤ ਰਹੇ ਪੰਜਾਬ ਦੇ ਕਿਸਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਨ। ਦੋ ਥਾਈਂ ਵਾਪਰੇ ਇਸ ਹਾਦਸੇ ਕਾਰਨ ਚਾਰ ਕਿਸਾਨਾਂ ਦੀ ਮੌਤ ਅਤੇ 8 ਲੋਕ ਜਖ਼ਮੀ ਹੋ ਗਏ ਹਨ।
ਮੁਹਾਲੀ ਵਿੱਚ ਦੇਰ ਰਾਤ ਇੱਕ ਸੜਕ ਹਾਦਸਾ ਵਾਪਰਿਆ। ਕਿਸਾਨਾਂ ਦੇ ਟਰੈਕਟਰ-ਟਰਾਲੀ ਦੀ ਇੱਕ ਟਰੱਕ ਨਾਲ ਟੱਕਰ ਹੋਈ। ਇਸ ਸੜਕ ਹਾਦਸੇ ਵਿੱਚ 2 ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ 6 ਕਿਸਾਨ ਜ਼ਖਮੀ ਹੋਏ। ਜ਼ਖਮੀ ਕਿਸਾਨਾਂ ਦਾ ਮੁਹਾਲੀ ਦੇ ਫੇਜ਼ 6 ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਪਰਤ ਰਹੇ ਸੀ।
ਕਰਨਾਲ ਵਿੱਚ ਵੀ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਵੱਜਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਕਿਸਾਨ ਗੰਭੀਰ ਜ਼ਖਮੀ ਹੋ ਗਏ ਹਨ। ਇਹ ਕਿਸਾਨ ਪਟਿਆਲਾ ਤੋਂ ਦਿੱਲੀ ਮੋਰਚੇ ਵਿੱਚ ਪਹੁੰਚੇ ਸਨ।
ਜਾਣਕਾਰੀ ਮੁਤਾਬਿਕ ਕਰਨਾਲ ਦੇ ਤਰਾਵੜੀ ਫਲਾਈਓਵਰ ‘ਤੇ ਹੋਏ ਹਾਦਸੇ‘ ਚ ਦੋ ਕਿਸਾਨਾਂ ਦੀ ਮੌਤ ਹੋ ਗਈ। ਦੋਵੇਂ ਪਟਿਆਲਾ ਦੇ ਪਿੰਡ ਸਪੇਡਾ ਦੇ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ। ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦੇ ਹੋਏ ਉਹ ਵਾਪਸ ਆਪਣੇ ਘਰ ਪਟਿਆਲੇ ਜਾ ਰਹੇ ਸਨ ਜਦੋਂ ਇੱਕ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।