ਡੇਰਾਬੱਸੀ : ਪੰਜਾਬ ਵਿੱਚ ਬੱਚਿਆਂ ਦੇ ਲਾਪਤਾ ਹੋਣ ,ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਤੋਂ ਡਰਨ ਲੱਗੇ ਹਨ।
ਇਸੇ ਕੜੀ ਦੌਰਾਨ ਡੇਰਾਬੱਸੀ ਦੀ ਰਾਮਗੜ੍ਹ ਸੜਕ ’ਤੇ ਪੰਚਕੂਲਾ ਨਾਲ ਲੱਗਦੇ ਪਿੰਡ ਕਕਰਾਲੀ ਤੋਂ ਭੇਤਭਰੀ ਹਾਲਤ ਵਿੱਚ ਚਾਰ ਬੱਚੇ ਲਾਪਤਾ ਹੋ ਗਏ ਹਨ। ਇਹ ਚਾਰੋਂ ਆਪਸ ਵਿੱਚ ਦੋਸਤ ਹਨ। ਜਾਣਕਾਰੀ ਅਨੁਸਾਰ ਕੱਲ੍ਹ ਲਾਪਤਾ ਹੋਏ ਚਾਰਾਂ ਵਿੱਚੋਂ ਤਿੰਨ ਬੱਚੇ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੇ ਹਨ ਜਦਕਿ ਇਕ 14 ਸਾਲਾਂ ਦਾ ਬੱਚਾ ਵਿਸ਼ਾਲ ਪੜ੍ਹਾਈ ਨਹੀਂ ਕਰਦਾ।
ਕੱਲ੍ਹ ਤਿੰਨਾਂ ਨੂੰ ਦੁਪਹਿਰ ਤਿੰਨ ਵਜੇ ਸਕੂਲ ਤੋਂ ਛੁੱਟੀ ਹੋਈ ਸੀ। ਇਨ੍ਹਾਂ ਵਿੱਚੋਂ ਦੋ ਬੱਚੇ ਆਪਣੇ ਘਰ ਬੈਗ ਰੱਖਣ ਗਏ ਅਤੇ ਮੁੜ ਤੋਂ ਸਕੂਲ ਵਿੱਚ ਖੇਡਣ ਜਾਣ ਦੀ ਗੱਲ ਆਖ ਕੇ ਨਿਕਲ ਗਏ। ਜਦਕਿ ਤੀਜਾ ਬੱਚਾ ਆਪਣੇ ਘਰ ਨਹੀਂ ਗਿਆ। ਪੁਲੀਸ ਵੱਲੋਂ ਜਾਂਚ ਕਰਨ ’ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਫੁਟੇਜ ’ਚ ਇਹ ਚਾਰੋਂ ਬੱਚੇ ਪਿੰਡ ਸਨੌਲੀ ਵੱਲ ਇਕੱਠੇ ਜਾਂਦੇ ਦਿਖਾਈ ਦੇ ਰਹੇ ਹਨ।
ਇਨ੍ਹਾਂ ਵਿੱਚੋਂ ਇਕ ਬੱਚੇ ਨੇ ਆਪਣਾ ਸਕੂਲ ਬੈਗ ਵੀ ਮੋਢੇ ’ਤੇ ਟੰਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਤਿੰਨ ਵਜੇ ਇਹ ਬੱਚੇ ਘਰ ਤੋਂ ਗਏ ਸਨ, ਜੋ ਘੰਟੇ ਬਾਅਦ ਪਿੰਡ ਸਨੌਲੀ ਵੱਲ ਜਾਂਦੇ ਦਿਖਾਈ ਦਿੰਦੇ ਹਨ ਅਤੇ ਪਿੰਡ ਸਨੌਲੀ ਦੇ ਇਕ ਹੋਰ ਸੀਸੀਟੀਵੀ ਵਿੱਚ ਕੁਝ ਦੇਰ ਬਾਅਦ ਬੱਚੇ ਮੁੜ ਤੋਂ ਮੁਬਾਰਕਪੁਰ ਵੱਲ ਆਉਂਦੇ ਦਿਖਾਈ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਲਾਪਤਾ ਹੋਏ ਬੱਚਿਆਂ ਦੀ ਪਛਾਣ ਦਿਲਕੁਸ਼ (9) ਪੁੱਤਰ ਅਸ਼ੋਕ ਕੁਮਾਰ, ਵਿਸ਼ਾਲ (14) ਪੁੱਤਰ ਸ਼ੋਹਿਬ ਰਾਮ, ਦਿਪੇਸ਼ ਪਾਲ (9) ਪੁੱਤਰ ਅਜੈਪਾਲ ਤੇ ਸਤਵੀਰ ਸਿੰਘ (10) ਪੁੱਤਰ ਗੁਰਦੀਪ ਸਿੰਘ ਵਾਸੀਆਨ ਪਿੰਡ ਕਕਰਾਲੀ ਵਜੋਂ ਹੋਈ ਹੈ।
ਲਾਪਤਾ ਸਤਵੀਰ ਦਾ ਪਿਤਾ ਖੇੜੀਬਾੜੀ ਕਰਦਾ ਹੈ ਜਦਕਿ ਬਾਕੀ ਤਿੰਨੇ ਬੱਚੇ ਪਰਵਾਸੀ ਮਜ਼ਦੂਰਾਂ ਦੇ ਹਨ। ਇਸ ਸਬੰਧੀ ਏਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਾਪਿਆਂ ਵੱਲੋਂ ਸੂਚਨਾ ਮਿਲਣ ’ਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ ਸਣੇ ਹੋਰਨਾਂ ਥਾਵਾਂ ’ਤੇ ਉਨ੍ਹਾਂ ਦੀ ਭਾਲ ਕਰਨ ਤੋਂ ਇਲਾਵਾ ਪੁਲੀਸ ਸਟੇਸ਼ਨਾਂ ਵਿੱਚ ਤਸਵੀਰਾਂ ਭੇਜੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਬੱਚੇ ਆਪਣੀ ਮਰਜ਼ੀ ਨਾਲ ਕਿਧਰੇ ਗਏ ਹਨ ਜਿਨ੍ਹਾਂ ਹੀ ਛੇਤੀ ਭਾਲ ਕਰ ਲਈ ਜਾਵੇਗੀ। ਦੂਜੇ ਪਾਸੇ ਮਾਪਿਆਂ ਦਾ ਬੱਚਿਆਂ ਦੀ ਫਿਕਰ ਵਿੱਚ ਬੁਰਾ ਹਾਲ ਹੈ ਤੇ ਪਿੰਡ ਦੇ ਲੋਕ ਉਨ੍ਹਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ।