ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਵੱਡੀ ਮਾਤਰਾ ਵਿੱਚ ਆਰਡੀਐਕਸ ਅਤੇ ਰਾਕੇਟ ਲਾਂਚਰ ਬਰਾਮਦ ਕੀਤੇ ਹਨ। ਇਹ ਖੇਪ ਜਲੰਧਰ-ਕਪੂਰਥਲਾ ਹਾਈਵੇ ‘ਤੇ ਸੁਭਾਨਪੁਰ ਤੋਂ ਬਰਾਮਦ ਕੀਤੀ ਗਈ। ਇਹ ਆਪਰੇਸ਼ਨ ਕਾਊਂਟਰ ਇੰਟੈਲੀਜੈਂਸ ਦੇ ਹੈੱਡ ਏਆਈਜੀ ਨਵਜੋਤ ਮਾਹਲ ਦੀ ਅਗਵਾਈ ਹੇਠ ਕੀਤਾ ਗਿਆ।
ਸੁਭਾਨਪੁਰ ਦੇ ਚਾਰ ਨੌਜਵਾਨਾਂ ਨੂੰ ਵਿਸਫੋਟਕ ਬਰਾਮਦਗੀ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਜਾਂਚ ਦੌਰਾਨ ਸੀਬੀਆਈ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਧਮਾਕੇ ਕਰਕੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਰਾਕੇਟ ਲਾਂਚਰ ਦੀ ਵਰਤੋਂ ਕਰਕੇ ਇੱਕ ਵੱਡੀ ਸ਼ਖਸੀਅਤ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ।
ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਆਈਐਸਆਈ ਵੱਲੋਂ ਡਰੋਨ ਰਾਹੀਂ ਆਰਡੀਐਕਸ ਭੇਜਿਆ ਗਿਆ ਹੈ। ਕਾਊਂਟਰ ਇੰਟੈਲੀਜੈਂਸ ਨੂੰ ਖਦਸ਼ਾ ਹੈ ਕਿ ਆਰਡੀਐਕਸ ਦੀ ਵੱਡੀ ਮਾਤਰਾ ਸੂਬੇ ‘ਚ ਪਹੁੰਚ ਗਈ ਹੈ, ਜਿਸ ਦਾ ਹੁਣ ਤੱਕ ਥੋੜ੍ਹਾ ਜਿਹਾ ਹਿੱਸਾ ਹੀ ਬਰਾਮਦ ਹੋਇਆ ਹੈ। ਇਸ ਕਾਰਨ ਡੀਜੀਪੀ ਯਾਦਵ ਖੁਦ ਸੜਕ ‘ਤੇ ਆ ਗਏ ਹਨ। ਸੀ.ਆਈ. ਦੀ ਟੀਮ ਮਾਝਾ ਖੇਤਰ ਵਿੱਚ ਕਾਰਵਾਈ ਕਰ ਰਹੀ ਹੈ। ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਦੀ ਉਮੀਦ ਹੈ।