ਸੁਲਤਾਨਪੁਰ ਲੋਧੀ : ਲੰਘੇ ਕੱਲ੍ਹ ਸਵੇਰੇ ਤੜਕੇ 3 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਠੱਟਾ ਨਵਾਂ -ਦੂਲੋਵਾਲ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਪਿੰਡ ਸਾਬੂਵਾਲ ਦੇ ਸ਼ਮਸ਼ਾਨਘਾਟ ਨੇੜੇ ਇੱਕ ਟੋਇਟਾ ਫਾਰਚੂਨਰ ਗੱਡੀ ਦੇ ਮੂਹਰੇ ਅਚਾਨਕ ਆਵਾਰਾ ਡੰਗਰ ਆ ਜਾਣ ਕਾਰਨ ਉਹ ਬੇਕਾਬੂ ਹੋ ਕੇ ਸ਼ਮਸ਼ਾਨਘਾਟ ਦੇ ਥੰਮ੍ਹ ਵਿੱਚ ਵੱਜ ਕੇ ਹਾਦਸਾਗ੍ਰਸਤ ਹੋ ਗਈ।
ਹਾਦਸਾਗ੍ਰਸਤ ਹੋਣ ਤੋਂ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਇਸੇ ਦੌਰਾਨ ਹੀ ਗੱਡੀ ਦੇ ਏਅਰਬੈਗ ਖੁੱਲ ਗਏ, ਜਿਸ ਕਰਕੇ ਗੱਡੀ ਨੂੰ ਚਲਾ ਰਹੇ ਹਰਦੀਪ ਸਿੰਘ ਦੁਰਗਾਪੁਰ ਵਾਲ-ਵਾਲ ਬਚ ਗਿਆ। ਨੇੜੇ ਦੇ ਪਿੰਡ ਸਾਬੂਵਾਲ ਦੇ ਲੋਕਾਂ ਨੇ ਦੱਸਿਆ ਕਿ ਗੱਡੀ ਇੰਨੇ ਜ਼ੋਰ ਨਾਲ ਵੱਜੀ ਕਿ ਉਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਸਬੰਧੀ ਮੌਕੇ ’ਤੇ ਹਾਜ਼ਰ ਗੱਡੀ ਦੇ ਮਾਲਕ ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੁਰਗਾਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਦੂਲੋਵਾਲ ਨੇੜੇ ਸ਼ੈਲਰ ਹੈ।
ਤੜਕ ਸਵੇਰ ਸ਼ੈਲਰ ਦੀ ਦੇਖਭਾਲ ਕਰ ਰਹੇ ਫੋਰਮੈਨ ਨੇ ਮਸ਼ੀਨਰੀ ਵਿੱਚ ਆਈ ਖ਼ਰਾਬੀ ਸੰਬੰਧੀ ਫੋਨ ’ਤੇ ਸੂਚਿਤ ਕੀਤਾ। ਉਹ ਤਰੁੰਤ ਗੱਡੀ ਲੈ ਕੇ ਉਕਤ ਸ਼ੈਲਰ ਵੱਲ ਚੱਲ ਪਿਆ। ਜਦੋਂ ਉਹ ਪਿੰਡ ਸਾਬੂਵਾਲ ਦੇ ਸ਼ਮਸ਼ਾਨਘਾਟ ਕੋਲ਼ ਆਇਆ ਤਾਂ ਇੱਕਦਮ ਇੱਕ ਆਵਾਰਾ ਗਾਂ ਅੱਗੇ ਆ ਗਈ। ਜਿਸ ਨੂੰ ਬਚਾਉਂਦੇ ਹੋਏ ਗੱਡੀ ਬੇਕਾਬੂ ਹੋ ਗਈ ਤੇ ਜ਼ੋਰ ਨਾਲ ਗੇਟ ਦੇ ਥੰਮ੍ਹ ਨਾਲ਼ ਜਾ ਟਕਰਾਈ। ਇਸੇ ਦੌਰਾਨ ਹੀ ਗੱਡੀ ਦੇ ਏਅਰਬੈਗ ਖੁੱਲ ਜਾਣ ’ਤੇ ਉਹ ਭਾਰੀ ਸੱਟ ਤੋਂ ਬੱਚ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੱਡੀ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਅਚਾਨਕ ਅੱਗ ਲੱਗ ਗਈ।
ਇਸੇ ਦੌਰਾਨ ਹੀ ਉਸ ਨੇ ਸ਼ੈਲਰ ਦੇ ਫੋਰਮੈਨ ਅਤੇ ਬਲਜਿੰਦਰ ਸਿੰਘ ਦਰੀਏਵਾਲ ਨੂੰ ਫੋਨ ਕਰ ਦਿੱਤਾ, ਜੋ ਕਿ ਕੁਝ ਸਮੇਂ ਵਿੱਚ ਉੱਥੇ ਪਹੁੰਚ ਗਏ। ਇਸੇ ਦੌਰਾਨ ਹੀ ਫਾਇਰ ਬ੍ਰਿਗੇਡ ਸੁਲਤਾਨਪੁਰ ਲੋਧੀ ਫ਼ੋਨ ਨੂੰ ਕੀਤਾ, ਪਰ ਉਨ੍ਹਾਂ ਦੇ ਪਹੁੰਚਣ ਤੱਕ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਗੱਡੀ ਦੇ ਮਾਲਕ ਹਰਦੀਪ ਸਿੰਘ ਦੁਰਗਾਪੁਰ ਨੇ ਦੱਸਿਆ ਕਿ ਇਹ ਗੱਡੀ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਹੀ ਖ਼ਰੀਦੀ ਸੀ। ਮੌਕੇ ’ਤੇ ਪਹੁੰਚੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਜਾਂਚ ਕਰਨ ਤੋਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।