India Lok Sabha Election 2024

ਕੇਂਦਰ ’ਚ ਸਰਕਾਰ ਬਣਾਉਣਾ ਬੀਜੇਪੀ ਲਈ ਬਣਿਆ ਸਿਰਦਰਦੀ! ਭਾਈਵਾਲ ਪਾਰਟੀਆਂ ਨੇ ਅੱਖ ਵਿਖਾਉਣੀ ਸ਼ੁਰੂ ਕੀਤੀ

Sad Modi Sad Amit Shah modi amit shah

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਕੇਂਦਰ ਵਿੱਚ NDA ਦੀ ਅਗਵਾਈ ਕਰ ਰਹੀ BJP ਲਈ ਸਰਕਾਰ ਬਣਾਉਣਾ ਸਿਰਦਰਦੀ ਬਣ ਗਿਆ ਹੈ। ਬਹੁਤਮ ਤੋਂ 32 ਸੀਟਾਂ ਦੂਰ ਹੋਣ ਦੀ ਵਜ੍ਹਾ ਕਰਕੇ ਹੁਣ NDA ਵਿੱਚ ਸ਼ਾਮਲ ਛੋਟੀਆਂ ਤੋਂ ਛੋਟੀਆਂ ਪਾਰਟੀਆਂ ਕੈਬਨਿਟ ਵਿੱਚ ਜ਼ਿਆਦਾ ਥਾਂ ਦੇ ਨਾਲ ਵੱਡਾ ਮੰਤਰਾਲਾ ਚਾਹੁੰਦੀਆਂ ਹਨ। ਇਸ ਦੇ ਲਈ ਹੁਣ ਬੀਜੇਪੀ ਦੇ ਪ੍ਰਧਾਨ ਜੇ.ਪੀ. ਨੱਡਾ ਦੇ ਘਰ ਲੀਡਰਾਂ ਦੀ ਵੱਡੀ ਮੀਟਿੰਗ ਹੋ ਰਹੀ ਹੈ। ਮੰਤਰਾਲੇ ਦੇ ਵੰਡ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਜੇ.ਪੀ. ਨੱਡਾ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੂੰ ਭਾਈਵਾਲਾਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।

NDA ਵਿੱਚ ਸ਼ਾਮਲ ਬੀਜੇਪੀ ਤੋਂ ਬਾਅਦ 2 ਵੱਡੀਆਂ ਕਿੰਗ ਮੇਕਰ ਪਾਰਟੀਆਂ ਨਿਤੀਸ਼ ਦੀ JDU ਅਤੇ ਚੰਦਰ ਬਾਬੂ ਨਾਇਡੂ ਦੀ TDP ਨੇ ਬੀਜੇਪੀ ਤੋਂ ਮੰਤਰਾਲਾ ਤੇ ਕੁਝ ਫੈਸਲੇ ਵਾਪਸ ਲੈਣ ਨੂੰ ਲੈ ਕੇ ਵੱਡੀ ਮੰਗ ਕਰ ਦਿੱਤੀ ਹੈ। JDU ਦੇ ਬੁਲਾਰੇ ਕੇ.ਸੀ. ਤਿਆਗੀ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਅਗਨੀਵੀਰ ਯੋਜਨਾ ਵਾਪਸ ਲਏ ਇਸ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਗੁੱਸਾ ਹੈ। ਹਾਲਾਂਕਿ ਬੀਜੇਪੀ ਨੇ ਵੀ ਚੋਣਾਂ ਵਿੱਚ ਯੋਜਨਾ ’ਤੇ ਮੁੜ ਤੋਂ ਵਿਚਾਰ ਕਰਨ ਦੇ ਸੰਕੇਤ ਦਿੱਤੇ ਸਨ। ਸਾਬਕਾ ਕੈਬਨਿਟ ਮੰਤਰੀ ਜਨਰਲ ਵੀ ਕੇ ਸਿੰਘ ਨੇ ਵੀ ਪਠਾਨਕੋਟ ਰੈਲੀ ਦੌਰਾਨ ਕਿਹਾ ਸੀ ਅਸੀਂ ਅਗਨੀਵੀਰ ਯੋਜਨਾ ’ਤੇ ਵਿਚਾਰ ਕਰ ਰਹੇ ਹਾਂ।

ਇਸ ਦੇ ਨਾਲ 12 ਸੀਟਾਂ ਹਾਸਲ ਕਰਨ ਵਾਲੀ JDU ਨੇ ਕੇਂਦਰ ਵਿੱਚ ਤਿੰਨ ਕੈਬਨਿਟ ਮੰਤਰੀਆਂ ਦਾ ਅਹੁਦਾ ਮੰਗਿਆ ਹੈ। ਉਨ੍ਹਾਂ ਦੀ ਨਜ਼ਰ ਰੇਲ ਮੰਤਰਾਲੇ ’ਤੇ ਹੈ। ਵਾਜਪਾਈ ਸਰਕਾਰ ਵਿੱਚ ਵੀ ਰੇਲ ਮੰਤਰਾਲਾ JDU ਕੋਲ ਹੀ ਸੀ, ਨਿਤੀਸ਼ ਉਸ ਵੇਲੇ ਰੇਲ ਮੰਤਰੀ ਸਨ ਅਤੇ ਇਹ ਵੱਡਾ ਮੰਤਰਾਲਾ ਹੋਣ ਦੇ ਨਾਲ ਨਿਤੀਸ਼ ਦੇ ਦਿਲ ਦੇ ਵੀ ਕਾਫੀ ਕਰੀਬ ਹੈ।

ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਨੇ ਖੇਤੀ ਮੰਤਰਾਲਾ ਅਤੇ ਵਿੱਤ ਵਿਭਾਗ ਵੀ ਆਪਣੇ ਕੋਲ ਰੱਖਣ ਦੀ ਮੰਗ ਕੀਤੀ ਹੈ। ਨਿਤੀਸ਼ ਕੁਮਾਰ ਨੇ 4 ਸਾਂਸਦਾਂ ਦੇ ਬਦਲੇ ਇੱਕ ਮੰਤਰਾਲੇ ਦਾ ਫਾਰਮੂਲਾ ਤਿਆਰ ਕੀਤਾ ਹੈ। ਇਸੇ ਦੇ ਨਾਲ ਬਿਹਾਰ ਦੇ ਲਈ ਵਿਸ਼ੇਸ਼ ਰਾਜ ਦਾ ਦਰਜਾ ਵੀ ਮੰਗਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝਾਰਖੰਡ ਦੀ ਵੰਡ ਤੋਂ ਬਾਅਦ ਸਨਅਤੀ ਹਲਕਾ ਸਾਡੇ ਕੋਲੋਂ ਚਲਾ ਗਿਆ ਹੈ।

ਹਾਲਾਂਕਿ NDA ਵਿੱਚ ਚੰਦਰਬਾਬੂ ਨਾਇਡੂ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਨੇ ਕਿੰਨੀਆਂ ਕੈਬਨਿਟ ਸੀਟਾਂ ਮੰਗੀਆਂ ਹਨ, ਇਸ ਬਾਰੇ ਹੁਣ ਤੱਕ ਕੁਝ ਸਾਫ਼ ਨਹੀਂ ਹੋਇਆ। ਪਰ ਜੇ 4 ਸਾਂਸਦਾਂ ਦੇ ਪਿੱਛੇ 1 ਕੈਬਨਿਟ ਮੰਤਰੀ ਦਾ ਫਾਰਮੂਲਾ ਤਿਆਰ ਹੁੰਦਾ ਹੈ ਤਾਂ ਉਨ੍ਹਾਂ ਦੇ ਖਾਤੇ ਵਿੱਚ 4 ਮੰਤਰੀ ਜਾ ਸਕਦੇ ਹਨ, ਕਿਉਂਕਿ ਲੋਕ ਸਭਾ ਵਿੱਚ ਉਨ੍ਹਾਂ ਦੀ ਪਾਰਟੀ ਦੇ 16 ਸਾਂਸਦ ਜਿੱਤ ਕੇ ਆਏ ਹਨ।

ਉਧਰ ਸ਼ਿਵਸੈਨਾ ਸ਼ਿੰਦੇ ਗੁੱਟ ਨੇ ਵੀ ਕੇਂਦਰ ਵਿੱਚ 2 ਕੈਬਨਿਟ ਮੰਤਰੀ ਬਣਾਉਣ ਦੀ ਮੰਗ ਰੱਖੀ ਹੈ। ਬਿਹਾਰ ਵਿੱਚ ਇੱਕ ਸੀਟ ਜਿੱਤਣ ਵਾਲੇ ਜੀਤਨ ਰਾਮ ਮਾਂਝੀ ਨੇ ਵੀ ਕੈਬਨਿਟ ਸੀਟ ਦਾ ਦਾਅਵਾ ਠੋਕ ਦਿੱਤਾ ਹੈ, LJP ਦੇ ਪ੍ਰਧਾਨ ਚਿਰਾਗ ਪਾਸਵਾਨ ਵੀ ਕੈਬਨਿਟ ਵਿੱਚ ਥਾਂ ਚਾਹੁੰਦੇ ਹਨ।

ਮਹਾਰਾਸ਼ਟਰ ਦੀ RPI ਪਾਰਟੀ ਨੇ ਵੀ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਮੰਗਿਆ ਹੈ। ਪ੍ਰਧਾਨ ਰਾਮਦਾਸ ਅਠਾਵਲੇ ਨੇ ਕਿਹਾ ਅਸੀਂ NDA ਦੇ ਲਈ 20 ਸੂਬਿਆਂ ਵਿੱਚ ਪ੍ਰਚਾਰ ਕੀਤਾ ਹੈ, ਇਸ ਲਈ ਸਾਨੂੰ ਅਹੁਦਾ ਜ਼ਰੂਰ ਮਿਲਣਾ ਚਾਹੀਦਾ ਹੈ। ਹਾਲਾਂਕਿ ਇਸ ਵੇਲੇ ਲੋਕਸਭਾ ਵਿੱਚ RPI ਦਾ ਕੋਈ MP ਨਹੀਂ ਹੈ, ਪਾਰਟੀ ਨੇ ਚੋਣ ਲੜੀ ਹੀ ਨਹੀਂ ਹੈ। ਪਰ ਪ੍ਰਧਾਨ ਰਾਮਦਾਸ ਅਠਾਵਲੇ ਰਾਜ ਸਭਾ ਸਾਂਸਦ ਜ਼ਰੂਰ ਹਨ।