‘ਦ ਖ਼ਾਲਸ ਬਿਊਰੋ : ਜਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਕਾਹਲੋਂ ਦਾ ਦਿਹਾਂਤ ਹੋ ਗਿਆ ਹੈ। ਨਿਰਮਲ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਵਿਚ ਸਪੀਕਰ ਵੀ ਰਹੇ ਹਨ। ਨਿਰਮਲ ਸਿੰਘ ਕਾਹਲੋਂ ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਅਤੇ ਐਸਕਾਰਟ ਹਸਪਤਾਲ ਵਿੱਚ ਦਾਖ਼ਲ ਸਨ। ਦੱਸਿਆ ਜਾ ਰਿਹਾ ਹੈ ਕਿ ਰਾਤ 2 ਵਜੇ ਐਸਕਾਰਟ ਹਸਪਤਾਲ ਵਿਖੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਆਖਰੀ ਸਾਹ ਲਏ। ਕਾਹਲੋਂ 1997 ਤੋਂ 2002 ਤੱਕ ਪੰਜਾਬ ਸਰਕਾਰ ਵਿੱਚ ਰੂਲਰ ਡਿਵੈਲਪਮੈਂਟ ਅਤੇ ਪੰਚਾਇਤ ਮੰਤਰੀ ਰਹੇ ਜਦਕਿ 2007 ਤੋਂ 2012 ਤਕ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿੱਚ ਵਿਧਾਨ ਸਭਾ ਸਪੀਕਰ ਵੀ ਰਹੇ। ਨਿਰਮਲ ਸਿੰਘ ਕਾਹਲੋਂ ਦਾ ਸਸਕਾਰ ਕੱਲ੍ਹ ਮਿਤੀ 17-07-2022 11.30 ਵਜੇ ਜੱਦੀ ਪਿੰਡ ਦਾਦੂਜੋਧ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਚ ਕੀਤਾ ਜਾਵੇਗਾ।

ਸਾਬਕਾ ਵਿਧਾਇਕ ਨਿਰਮਲ ਸਿੰਘ ਕਾਹਲੋਂ ਦੇ ਦਿਹਾਂਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਜੀ ਕਾਹਲੋਂ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਕਾਹਲੋਂ ਸਾਹਿਬ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਸਨ। ਉਸਦੀ ਬੁੱਧੀਮਾਨ ਸਲਾਹ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਂ ਇਸ ਦੁੱਖ ਦੀ ਘੜੀ ਵਿੱਚ ਕਾਹਲੋਂ ਪਰਿਵਾਰ ਦੇ ਨਾਲ ਖੜ੍ਹਾ ਹਾਂ।

ਇਸ ਦੇ ਨਾਲ ਬੀਜੇਪੀ ਲੀਡਰ ਬਲਵਿੰਦਰ ਸਿੰਘ ਲਾਡੀ ਨੇ ਕਿਹਾ, “ਅਕਾਲੀ ਦਲ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਦੀਵੀ ਵਿਛੋੜੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।”

ਮੌਜੂਦਾ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਸਾਬਕਾ ਵਿਧਾਇਕ ਨਿਰਮਲ ਸਿੰਘ ਕਾਹਲੋਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ,। ਸੰਧਵਾ ਨੇ ਟਵੀਟ ਕਰਦਿਆਂ ਕਿਹਾ ਕਿ “ਦੋ ਵਾਰ ਕੈਬਨਿਟ ਮੰਤਰੀ ਤੇ ਇਕ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਸਰਦਾਰ ਨਿਰਮਲ ਸਿੰਘ ਕਾਹਲੋਂ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਸੁਣੀ ਹੈ,ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਵਿੱਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ।”
