Punjab

ਤਰਨਤਾਰਨ ‘ਚ ਸਾਬਕਾ ਫੌਜੀ ਦੀ ਗੋਲੀ ਮਾਰ ਕੇ ਹੱਤਿਆ, ਮਜੀਠੀਆ ਨੇ ਘੇਰੀ ਮਾਨ ਸਰਕਾਰ

ਪੰਜਾਬ ਚ ਆਏ ਦਿਨ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ, ਅੱਜ ਫਿਰ ਹਲਕਾ ਪੱਟੀ ਦੇ ਪਿੰਡ ਦੁੱਬਲੀ ਵਿਚ ਫਿਰੌਤੀ ਨਾ ਦੇਣ ਤੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।  ਮ੍ਰਿਤਕ ਦੀ ਪਹਿਚਾਣ ਜਸਵੰਤ ਸਿੰਘ ਉਰਫ ਬਿੱਟੂ ਪੁੱਤਰ ਅਜੀਤ ਸਿੰਘ ਵਾਸੀ ਦੁੱਬਲੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਜੋ ਕਿ ਫ਼ੌਜ ‘ਚੋਂ ਸੇਵਾ ਮੁਕਤ ਹੋ ਕੇ ਹੁਣ ਆਪਣੇ ਘਰ ਦੇ ਬਾਹਰ ਕੋਟ ਬੁੱਢਾ ਰੋਡ ‘ਤੇ ਖਾਦਾਂ ਦੀ ਦੁਕਾਨ ਚਲਾਉਂਦਾ ਸੀ।

ਅੱਜ ਤੜਕਸਾਰ ਉਹ ਆਪਣੀ ਦੁਕਾਨ ਖੋਲ੍ਹ ਕੇ ਦੁਕਾਨ ਅੰਦਰ ਬੈਠਾ ਹੀ ਸੀ ਕਿ ਇੱਕ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇੱਕ ਵਿਅਕਤੀ ਆਇਆ ਤੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ‘ਤੇ ਹਮਲਾਵਰ ਵੱਲੋਂ 3 ਰਾਊਂਡ ਫ਼ਾਇਰ ਕੀਤੇ ਗਏ ਜੋ ਕਿ ਤਿੰਨੇ ਜਸਵੰਤ ਸਿੰਘ ਦੀ ਛਾਤੀ ‘ਚ ਲੱਗੇ।

ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਪਰਿਵਾਰਕ ਮੈਂਬਰਾਂ ਮੁਤਾਬਕ ਜਸਵੰਤ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਵੱਲੋਂ ਲਗਾਤਾਰ ਫ਼ਿਰੌਤੀ ਦੀਆਂ ਫੋਨ ਕਾਲਾਂ ਆ ਰਹੀਆਂ ਸਨ। ਜਿਸ ‘ਤੇ ਪੈਸੇ ਨਾ ਦੇਣ ਕਾਰਨ ਅੱਜ ਤੜਕਸਾਰ ਜਸਵੰਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ।

ਘਟਨਾ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪਰਿਵਾਰਕ ਮੈਂਬਰ ਦੇ ਬਿਆਨਾਂ ਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਕਾਬੂ ਕਰ ਲਿਆ ਜਾਵੇਗਾ ।

ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਸਵਾਲ਼ ਖੜੇ ਕੀਤੇ ਹਨ। ਉਨ੍ਹਾਂ ਨੇ ਆਪਣੇ ਐਕਸ ਅਕਾਉਂਟ ਤੇ ਲਿਖਿਆ ਕਿ ਪੰਜਾਬ ਦੇ ਬਦਲਾਅ ਦਾ ਹਾਲ ਦੇਖ ਲਿਓ।  ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ। ਗੈਂਗਸਟਰਾਂ ਨੂੰ ਫਰੌਤੀ ਨਾ ਦੇਣ ਕਾਰਨ ਜ਼ਿਲ੍ਹਾ ਤਰਨ ਤਾਰਨ ਸਾਹਿਬ ਦੇ ਹਲਕਾ ਪੱਟੀ ਦੇ ਪਿੰਡ ਦੁਬਲੀ ਤੋਂ ਆੜਤੀਆ ਜਸਵੰਤ ਸਿੰਘ ਬਿੱਟੂ ਦਾ ਗੋਲੀਆਂ ਮਾਰ ਕੇ ਕਤਲ ਕਰ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨ ਤਾਰਨ ਜ਼ਿਲ੍ਹੇ ‘ਚ ਆਉਣਾ ਦਾ ਪ੍ਰੋਗਰਾਮ ਸੀ ਅਤੇ ਉਸ ਦੌਰਾਨ ਅਜਿਹੀ ਘਟਨਾ ਪੰਜਾਬ ਦੇ ਜੰਗਲ ਰਾਜ ਦੀ ਕਹਾਣੀ ਬਿਆਨ ਕਰਦੀ ਹੈ। ਬਿਕਰਮ ਮਜੀਠੀਆ ਤੋਂ ਅਕਾਲੀ ਦਲ ਨੇ ਵੀ ਪੱਟੀ ਚ ਵਾਪਰੀਆਂ ਇਸ ਘਟਨਾ ਨੂੰ ਆਧਾਰ ਬਣਾ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ