Punjab

ਨਾਬਾਲਿਗ ਮੁੰਡੇ ਨੇ ਆਪਣੇ ਫੌਜੀ ਪਿਤਾ ਨਾਲ ਮਿਲਕੇ ਬਜ਼ੁਰਗ ਦਾ ਕੀਤਾ ਕਤਲ! ਬਜ਼ੁਰਗ ਨੂੰ ਝਿੜਕ ਮਾਰਨੀ ਪੈ ਗਈ ਮਹਿੰਗੀ

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ ਇੱਕ ਫੌਜੀ ਨੇ ਆਪਣੇ ਪੁੱਤਰ ਦੇ ਨਾਲ ਮਿਲ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ। ਦੋਵਾਂ ਨੇ ਬਜ਼ੁਰਗ ਦੇ ਘਰ ਜਾ ਕੇ ਉਸ ਨੂੰ ਗੋਲ਼ੀਆਂ ਮਾਰੀਆਂ। ਬੁਜ਼ਰਗ ਦੀ ਮੌਤ ਹੋ ਗਈ ਹੈ। ਹੁਣ ਫੌਜੀ ਦਾ ਪੂਰਾ ਪਰਿਵਾਰ ਫਰਾਰ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਝਗੜੇ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬਜ਼ੁਰਗ ਨੇ ਉਸ ਮੁੰਡੇ ਨੂੰ ਝਿੜਕਿਆ ਸੀ। ਜਿਸ ਦੇ ਬਾਅਦ ਉਹ ਪਿਤਾ ਨੂੰ ਬੁਲਾ ਕੇ ਲਿਆਇਆ ਜਿਸ ਨੇ ਗੋਲ਼ੀਆਂ ਚਲਾ ਦਿੱਤੀਆਂ।

ਬਜ਼ੁਰਗ ਭਗਵੰਤ ਸਿੰਘ ਨੰਬਰਦਾਰ ਮੱਝਾਂ ਦਾ ਦੁੱਧ ਕੱਢ ਰਹੇ ਸੀ। ਇੰਨੀ ਦੇਰ ਵਿੱਚ ਹੀ 2 ਗੱਡੀਆਂ ਭਰ ਕੇ ਆਈਆਂ ਤੇ ਬਿਨਾਂ ਕਿਸੇ ਗੱਲ ਦੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਸਿਰਫ ਸਕੂਲ ਦੀ ਲੜਾਈ ਦਾ ਸੀ, ਹੋਰ ਕੋਈ ਪਰਿਵਾਰਿਕ ਰੰਜਿਸ਼ ਵੀ ਨਹੀਂ ਸੀ।

ਜਾਣਕਾਰੀ ਮੁਤਾਬਿਕ ਗੁਆਂਢੀ ਪਿੰਡ ਮਾਡੀ ਦੇ ਰਹਿਣ ਵਾਲੇ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਨੇ ਨਾਬਾਲਿਗ ਪੁੱਤਰ ਦਾ ਭਗਵੰਤ ਸਿੰਘ ਦੀ ਪੋਤੀ ਨਾਲ ਸਕੂਲ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਭਗਵੰਤ ਸਿੰਘ ਨੇ ਮੁੰਡੇ ਨੂੰ ਝਿੜਕਾਂ ਮਾਰੀਆਂ ਅਤੇ ਮੁੜ ਨਾ ਲੜਨ ਲਈ ਕਿਹਾ।

ਬੱਚਾ ਗੁੱਸੇ ਵਿੱਚ ਉੱਥੋਂ ਚਲਾ ਗਿਆ ਅਤੇ ਰਾਤ ਨੂੰ ਆਪਣੇ ਪਿਤਾ ਅਮਨਪ੍ਰੀਤ ਨਾਲ ਕੁਝ ਲੋਕਾਂ ਨੂੰ ਲੈ ਕੇ ਆਇਆ। ਪਿਤਾ ਨਾਲ ਮਿਲ ਕੇ ਭਗਵੰਤ ਸਿੰਘ ਨੰਬਰਦਾਰ ਨੂੰ ਗੋਲ਼ੀਆਂ ਮਾਰ ਦਿੱਤੀਆਂ। ਪਿੰਡ ਵਾਲਿਆਂ ਦੇ ਮੁਤਾਬਿਕ ਮ੍ਰਿਤਕ ਭਗਵੰਤ ਸਿੰਘ ਦੇ 2 ਪੁੱਤਰ NRI ਹਨ। ਕਤਲ ਕਰਨ ਵਾਲੇ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਪਿੰਡ ਮਾਡੀ ਦਾ ਰਹਿਣ ਵਾਲਾ ਹੈ। ਉਸ ਦਾ ਪੁੱਤਰ ਪਿੰਡ ਸਰਹਾਲਾ ਦੇ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ।

ਮਜੀਠਾ ਦੇ DSP ਜਸਪਾਲ ਸਿੰਘ ਦਾ ਕਹਿਣਾ ਹੈ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ 6 ਲੋਕ ਪਹੁੰਚੇ ਸਨ। ਇਸ ਮਾਮਲੇ ਵਿੱਚ FIR ਦਰਜ ਕਰ ਲਈ ਗਈ ਹੈ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।