ਹੁਸ਼ਿਆਰਪੁਰ ਪੁਲਿਸ ਨੇ ਟਾਂਡਾ ਥਾਣੇ ਦੇ ਸਾਬਕਾ ਐੱਸ.ਐੱਚ.ਓ. ਅਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਅਮਰੀਕਾ ਵਿੱਚ ਭਾਰਤੀ ਮੂਲ ਦੇ ਪਰਿਵਾਰਾਂ ਤੋਂ ਅੰਤਰਰਾਸ਼ਟਰੀ ਜਬਰੀ ਵਸੂਲੀ (extortion) ਵਾਲੇ ਗੰਭੀਰ ਮਾਮਲੇ ਵਿੱਚ ਮੁਲਜ਼ਮ ਹੈ।
ਅਮਰੀਕੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ 7 ਫਰਵਰੀ ਨੂੰ ਨਾਗਰਾ ਦਾ ਨਾਮ ਇਸ ਕਥਿਤ ਗਿਰੋਹ ਵਿੱਚ ਸ਼ਾਮਲ ਕੀਤਾ ਸੀ। ਅਮਰੀਕੀ ਅਧਿਕਾਰੀਆਂ ਵੱਲੋਂ ਉਸ ‘ਤੇ ਲਾਸ ਏਂਜਲਸ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਤੋਂ 4 ਲੱਖ ਅਮਰੀਕੀ ਡਾਲਰ (ਲਗਭਗ 3.3 ਕਰੋੜ ਰੁਪਏ) ਜਬਰੀ ਵਸੂਲਣ ਦਾ ਦੋਸ਼ ਲਗਾਇਆ ਗਿਆ ਹੈ। ਉਸ ‘ਤੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਨਾਲ ਮਿਲ ਕੇ ਅਮਰੀਕਾ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਧਮਕੀਆਂ ਦੇਣ ਦਾ ਇਲਜ਼ਾਮ ਹੈ।
ਐਫਬੀਆਈ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਸੀਨੀਅਰ ਸੁਪਰਡੈਂਟ ਪੁਲੀਸ (ਐੱਸ.ਐੱਸ.ਪੀ.) ਹੁਸ਼ਿਆਰਪੁਰ ਨੇ ਉਸ ਨੂੰ ਤੁਰੰਤ ਪੁਲਿਸ ਲਾਈਨ ਵਿੱਚ ਤਬਦੀਲ ਕਰ ਦਿੱਤਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਹੋਰ ਵੇਰਵੇ ਛੇਤੀ ਹੀ ਸਾਂਝੇ ਕੀਤੇ ਜਾਣਗੇ।
ਨਾਗਰਾ ਦੀ ਗ੍ਰਿਫ਼ਤਾਰੀ ਐਫਬੀਆਈ ਵੱਲੋਂ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਉਰਫ਼ ਲਾਲਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਈ ਹੈ। ਲਾਲਾ ਨੂੰ ਆਪਣੀ ‘ਮੋਸਟ ਵਾਂਟੇਡ’ ਲਿਸਟ ਵਿੱਚ ਸ਼ਾਮਲ ਕਰਨ ਤੋਂ ਮਾਤਰ ਦੋ ਦਿਨ ਬਾਅਦ ਫੜਿਆ ਗਿਆ ਸੀ।
ਐਫਬੀਆਈ ਦੇ ਆਪ੍ਰੇਸ਼ਨ ਹਾਰਡ ਬਾਲ ਤਹਿਤ ਲਾਸ ਏਂਜਲਸ ਵਿੱਚ ਦਾਇਰ 44-ਪੰਨਿਆਂ ਦੀ ਫੈਡਰਲ ਚਾਰਜਸ਼ੀਟ ਵਿੱਚ ਨਾਗਰਾ ਸਮੇਤ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਹੈ। ਚਾਰਜਸ਼ੀਟ ਅਨੁਸਾਰ ਭਗਵਾਨਪੁਰੀਆ ਗਿਰੋਹ ਕਤਲ ਵਰਗੀਆਂ ਘਿਨਾਉਣੀਆਂ ਘਟਨਾਵਾਂ ਲਈ ਮੈਂਬਰਾਂ ਨੂੰ ਸਿਰਫ਼ 20,000 ਰੁਪਏ ਤੱਕ ਦਾ ਭੁਗਤਾਨ ਕਰਦਾ ਸੀ। ਨਾਗਰਾ ‘ਤੇ ਪੰਜਾਬ ਵਿੱਚ ਰਿਸ਼ਤੇਦਾਰਾਂ ਨੂੰ ਫਸਾਉਣ ਦੀ ਧਮਕੀ ਦੇ ਕੇ ਅਮਰੀਕਾ ਵਾਲੇ ਪਰਿਵਾਰ ਤੋਂ ਵਸੂਲੀ ਕਰਨ ਲਈ ਗਿਰੋਹ ਨਾਲ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ।ਇਹ ਮਾਮਲਾ ਭਾਰਤੀ ਪੁਲੀਸ ਅਤੇ ਅੰਤਰਰਾਸ਼ਟਰੀ ਏਜੰਸੀਆਂ ਵਿਚਾਲੇ ਗੈਂਗਸਟਰਾਂ ਖਿਲਾਫ਼ ਵਧਦੀ ਤਾਲਮੇਲ ਨੂੰ ਉਜਾਗਰ ਕਰਦਾ ਹੈ। ਜਾਂਚ ਚੱਲ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

