ਬਿਊਰੋ ਰਿਪੋਰਟ (4 ਅਕਤੂਬਰ 2025): ਬਰਨਾਲਾ ਦੇ ਹਲਕਾ ਭਦੌੜ ਵਿੱਚ ਸ਼ਨੀਵਾਰ ਦੁਪਹਿਰ 4 ਵਜੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਨਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਸ ਦੇ ਸਿਰ ਅਤੇ ਪੈਰ ਵਿੱਚ ਗੋਲ਼ੀਆਂ ਮਾਰੀਆਂ, ਜਿਸ ਨਾਲ ਉਸ ਨੇ ਦੁਕਾਨ ਵਿੱਚ ਕੁਰਸੀ ’ਤੇ ਬੈਠੇ ਹੋਏ ਹੀ ਦਮ ਤੋੜ ਦਿੱਤਾ।
ਇਹ ਵਾਰਦਾਤ ਬਸ ਸਟੈਂਡ ਨੇੜੇ ਪਿੰਡ ਸ਼ੈਹਣਾ ਦੀ ਇੱਕ ਦੁਕਾਨ ਵਿੱਚ ਵਾਪਰੀ, ਜਿੱਥੇ ਸੁਖਵਿੰਦਰ ਬੈਠੇ ਸਨ। ਸ਼ੁਰੂਆਤੀ ਜਾਂਚ ਮੁਤਾਬਕ ਹੱਤਿਆ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਕੀਤੀ ਗਈ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਖਵਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਵੀ ਸਰਪੰਚ ਰਹਿ ਚੁੱਕੀ ਹੈ। ਪਿਛਲੇ ਕੁਝ ਸਮੇਂ ਤੋਂ ਸੁਖਵਿੰਦਰ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦਾ ਸੀ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਖੁੱਲ੍ਹ ਕੇ ਆਲੋਚਨਾਵਾਂ ਕਰਦਾ ਸੀ। ਇਸ ਕਰਕੇ ਹੱਤਿਆ ਨੂੰ ਰਾਜਨੀਤਿਕ ਰੰਜਿਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪੁਲਿਸ ਦੇ ਸ਼ੁਰੂਆਤੀ ਬਿਆਨ ਮੁਤਾਬਕ, ਹਮਲਾਵਰ ਕਾਰ ਵਿੱਚ ਸਵਾਰ ਹੋ ਕੇ ਆਇਆ ਅਤੇ ਸੁਖਵਿੰਦਰ ਸਿੰਘ ’ਤੇ ਨਜ਼ਦੀਕੋਂ ਗੋਲੀ ਚਲਾਈ, ਜੋ ਉਨ੍ਹਾਂ ਦੇ ਗਲੇ ਵਿੱਚ ਲੱਗੀ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ।