ਚੰਡੀਗੜ੍ਹ : ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ(Former MLA Pirmal Singh Dhaula) ਨੂੰ ਪੰਜਾਬ ਕਾਂਗਰਸ ਪਾਰਦੇ ਸੂਬਾ ਪ੍ਰਧਾਨ(Punjab Congress Party state president )ਅਮਰਿੰਦਰ ਸਿੰਘ ਰਾਜਾ ਵੜਿੰਗ( Amarinder Singh Raja Waring) ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਸਬੰਧੀ ਬਕਾਇਦਾ ਤੋਰ ਉੱਤੇ ਉਨ੍ਹਾਂ ਦੇ ਦਸਖ਼ਤਾਂ ਹੇਠ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਅੱਜ ਇੱਕ ਪ੍ਰੈਸ ਕਾਨਫ਼ਰੰਸ ਕਰ ਕੇ ਪਿਰਮਲ ਧੌਲਾ ਨੂੰ ਪਾਰਟੀ ਵਿੱਚੋਂ ਕੱਢਣ ਬਾਰੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਜਾਣੂ ਕਰਵਾਉਣਗੇ।
‘ਰਾਹੁਲ ਗਾਂਧੀ ਪਾਰਟੀ ਨੂੰ ਜੋੜਨ, ਵੜਿੰਗ ਤੋੜਨ ‘ਚ ਲੱਗੇ ਹੋਏ’
ਇਸ ਸਾਰੇ ਮਾਮਲੇ ਵਿੱਚ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਕਿਸੇ ਵੀ ਜ਼ਿਲ੍ਹਾ ਪ੍ਰਧਾਨ ਕੋਲ ਇਸ ਤਰ੍ਹਾਂ ਦਾ ਕੋਈ ਅਖ਼ਤਿਆਰ ਨਹੀਂ ਹੈ। ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨੇ ਪੱਤਰ ਜਾਰੀ ਕੀਤਾ ਹੈ। ਇੱਕ ਪਾਸੇ ਤਾਂ ਰਾਹੁਲ ਗਾਂਧੀ ਭਾਰਤ ਜੋੜੋ ਦੀ ਮੁਹਿੰਮ ਚਲਾ ਰਹੇ ਹਨ। 3500 ਕਿਲੋਮੀਟਰ ਪੈਦਲ ਚੱਲ ਰਹੇ ਹਨ ਪਰ ਦੂਜੇ ਪਾਸੇ ਸੂਬਾ ਪ੍ਰਧਾਨ ਬਿਨਾਂ ਕਿਸੇ ਕਾਰਨ, ਨੋਟਿਸ ਜਾਰੀ ਕੀਤੇ ਬਿਨਾਂ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹਨ, ਇਹ ਗ਼ਲਤ ਹੈ, ਪਾਰਟੀ ਦੇ ਸੰਵਿਧਾਨ ਦੇ ਉਲਟ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੀ ਨੇੜਤਾ ਸੁਖਪਾਲ ਖਹਿਰਾ, ਨਵਜੋਤ ਸਿੱਧੂ ਨਾਲ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਾਰਟੀ ਵਿੱਚੋਂ ਕਿਸੇ ਨੂੰ ਨੇੜਤਾ ਹੋਣ ਕਰ ਕੇ ਗ਼ਲਤ ਤਰੀਕੇ ਨਾਲ ਉਸ ਨੂੰ ਪਾਰਟੀ ਵਿੱਚੋਂ ਕੱਢੋ। ਇਸ ਨੂੰ ਐਂਟੀ ਪਾਰਟੀ ਗਤੀਵਿਧੀ ਦੱਸ ਕੇ ਕਸੂਰ ਮੇਰਾ ਕੱਢਿਆ ਜਾ ਰਿਹਾ ਹੈ। ਇਨ੍ਹਾਂ ਨੂੰ ਇਹ ਕਲੀਅਰ ਕਰਨਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਠੀਕ ਹਨ ਜਾਂ ਰਾਜਾ ਵੜਿੰਗ। ਰਾਹੁਲ ਗਾਂਧੀ ਪਾਰਟੀ ਨੂੰ ਜੋੜਨ ਵਿੱਚ ਲੱਗੇ ਹਨ ਅਤੇ ਰਾਜਾ ਵੜਿੰਗ ਪਾਰਟੀ ਨੂੰ ਤੋੜਨ ਵਿੱਚ।
ਇਨ੍ਹਾਂ ਨੇ ਇੱਕ ਤਰਫ਼ਾ ਐਕਸ਼ਨ ਲਿਆ ਹੈ। ਹਾਈਕਮਾਂਡ ਨੂੰ ਬੇਨਤੀ ਕਰਾਂਗੇ ਕਿ ਇਹ ਇਸ ਮਸਲੇ ਨੂੰ ਕਲੀਅਰ ਕਰਨ। ਜੇ ਸਾਡੀ ਲੋੜ ਨਾ ਹੋਈ ਤਾਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਲਾਹ ਕਰ ਕੇ ਅਗਲਾ ਫ਼ੈਸਲਾ ਲਵਾਂਗੇ।
‘ਚੋਣਾਂ ਵੇਲੇ ਹੀ ਪਾਰਟੀ ‘ਚੋਂ ਕੱਢਿਆ ਗਿਆ ਸੀ’
ਇਸ ਸਾਰੇ ਮਾਮਲੇ ਬਾਰੇ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਲੱਕੀ ਪੱਖੋ ਨੇ ਕਿਹਾ ਕਿ ਇਹ ਪਾਰਟੀ ਵਿੱਚੋਂ ਕੱਢਣ ਦਾ ਪੱਤਰ ਪਹਿਲੀ ਵਾਰ ਨਹੀਂ ਜਾਰੀ ਹੋਇਆ ਬਲਕਿ ਚੋਣਾਂ ਦੇ ਸਮੇਂ ਵੀ ਜਾਰੀ ਹੋਇਆ ਸੀ। ਉਸ ਸਮੇਂ ਕਿਹਾ ਗਿਆ ਸੀ, ਚੋਣਾਂ ਦੌਰਾਨ ਪਿਰਮਲ ਸਿੰਘ ਧੌਲਾ ਆਪਣਾ ਕੋਈ ਰੋਲ ਨਹੀਂ ਨਿਭਾ ਰਹੇ। ਪਾਰਟੀ ਦੇ ਅਨੁਸ਼ਾਸਨ ਵਿੱਚ ਨਾ ਰਹਿ ਕੇ ਪਾਰਟੀ ਦੇ ਉਮੀਦਵਾਰ ਸਰਦਾਰ ਬਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਕੋਈ ਪ੍ਰਚਾਰ ਨਹੀਂ ਕੀਤਾ। ਉਸ ਸਮੇਂ ਵੀ ਪਾਰਟੀ ਪ੍ਰਧਾਨ ਦੀ ਉਨ੍ਹਾਂ ਨਾਲ ਗੱਲ ਹੋਈ ਹੈ। ਪਰ ਇਸ ਦੇ ਬਾਵਜੂਦ ਕਾਂਗਰਸ ਲਈ ਅਹਿਮ ਇਲਾਕੇ ਭਦੌੜ ਤੋਂ ਇੰਨਾ ਨੇ ਕੋਈ ਕੰਮ ਨਹੀਂ ਕੀਤਾ।
ਲੱਕੀ ਪੱਖੋ ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਦੇ ਦਫ਼ਤਰ ਵਿੱਚ ਹੋਏ ਪ੍ਰਗੋਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਦਾ ਫ਼ੋਨ ਆਇਆ ਸੀ ਕਿ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਕੱਢਣ ਦਾ ਐਲਾਨ ਕਰ ਦੇਵੋ।
ਲੱਕੀ ਪੱਖੋਂ ਨੇ ਕਿਹਾ ਕਿ ਉਹ ਕਿਸ ਪਾਰਟੀ ਵਿੱਚ ਜਾਣਗੇ ਜਾਂ ਕਿਸ ਪਾਰਟੀ ਨਾਲ ਜੁੜ ਕੇ ਗਤੀਵਿਧੀਆਂ ਕਰ ਰਹੇ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਕਾਂਗਰਸ ਪਾਰਟੀ ਲਈ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਹੀ, ਉਨ੍ਹਾਂ ਨੂੰ ਕੱਢਿਆ ਗਿਆ ਹੈ। ਇਸ ਮਾਮਲੇ ਵਿੱਚ ਹਾਈਕਮਾਨ ਨਾਲ ਗੱਲਬਾਤ ਕਰਨਾ, ਉਨ੍ਹਾਂ ਦਾ ਲੋਕਤੰਤਰਿਕ ਹੱਕ ਹੈ।
ਜ਼ਿਕਰਯੋਗ ਹੈ ਕਿ ਪਿਰਮਲ ਸਿੰਘ ਧੌਲਾ ਨੇ 2017 ਵਿੱਚ ਭਦੌੜ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਜਿੱਤੀ ਸੀ। ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਤੋਂ ਕਾਂਗਰਸ ਦੀ ਟਿਕਟ ਲਈ ਕਾਫੀ ਦੌੜ ਲੱਗੀ ਸੀ ਪਰ ਕਾਂਗਰਸ ਹਾਈਕਮਾਨ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਸੀ।