Punjab

ਪੰਜਾਬ ਦੇ ਸਾਬਕਾ IG ਨੇ ਸਮਝਾਈ ਸਿਆਸੀ ਲੀਡਰਾਂ ਨੂੰ ਰਾਜਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ‘ਬੇਅਦਬੀ ਮਾਮਲੇ ਦੀ ਰਿਪੋਰਟ ਮੈਂ ਹਾਈਕੋਰਟ ਵਿੱਚ ਦਾਇਰ ਨਹੀਂ ਕੀਤੀ ਸੀ ਅਤੇ ਅੱਜ ਵੀ ਹਾਈਕੋਰਟ ਵਿੱਚ ਰਿਪੋਰਟ ਮੌਜੂਦ ਨਹੀਂ ਹੈ ਤਾਂ ਫਿਰ ਫੈਸਲਾ ਕਿੱਥੋਂ ਲਿਆ ਗਿਆ। ਰਿਪੋਰਟ ਫਰੀਦਕੋਟ ਦੀ ਮਾਣਯੋਗ ਜ਼ਿਲ੍ਹਾ ਅਦਾਲਤ ਵਿੱਚ ਪਈ ਸੀ। ਮੇਰੀ ਜਾਂਚ ਰਿਪੋਰਟ ਨੂੰ ਰਲ-ਮਿਲ ਕੇ ਖਾਰਜ ਕਰਵਾਇਆ ਗਿਆ ਹੈ। ਸਾਰੇ ਕਹਿੰਦੇ ਹਨ ਕਿ ਰਿਪੋਰਟ ਰਾਜਨੀਤੀ ਤੋਂ ਪ੍ਰੇਰਿਤ ਹੈ ਪਰ ਰਾਜਨੀਤੀ ਨੂੰ ਤਾਂ ਇਹ ਸਮਝੇ ਹੀ ਨਹੀਂ। ਸੁਣਵਾਈ ਵਾਲੇ ਦਿਨ ਏਜੀ ਜਾਣ-ਬੁੱਝ ਕੇ ਪੇਸ਼ ਨਹੀਂ ਹੋਇਆ ਸੀ। ਉਸ ਵੱਲੋਂ ਬਿਮਾਰੀ ਦਾ ਬਹਾਨਾ ਦਿੱਤਾ ਗਿਆ ਸੀ। ਜੇ ਉਹ ਬਿਮਾਰ ਸੀ ਤਾਂ ਅਗਲੀ ਤਰੀਕ ਵੀ ਲਈ ਜਾ ਸਕਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ’।

ਉਨ੍ਹਾਂ ਕਿਹਾ ਕਿ ‘ਰਾਜਨੀਤੀ ਰਾਜ ਕਰਨ ਲਈ ਨਹੀਂ ਹੁੰਦੀ, ਰਾਜਨੀਤੀ ਇੱਕ ਵਿਸ਼ਵਾਸ ਕਰਨ ਵਾਲੀ ਹੁੰਦੀ ਹੈ। ਜਨਤਾ ਪੰਜਾਬ ਦੀ ਰਾਜਨੀਤੀ ਬਦਲੇਗੀ। ਮੈਂ ਜਦੋਂ ਅਸਤੀਫਾ ਦਿੱਤਾ ਸੀ ਤਾਂ ਅਸਤੀਫੇ ਦੀ ਆਖਰੀ ਲਾਈਨ ਵਿੱਚ ਮੈਂ ਲਿਖਿਆ ਸੀ ਕਿ ਮੈਂ ਜਨਤਾ ਦੀ ਸੇਵਾ ਕਰਦਾ ਰਹਾਂਗਾ। ਮੈਂ ਕਿਸੇ ਚੀਜ਼ ਨੂੰ ਲੁਕਾ ਕੇ ਨਹੀਂ ਰੱਖਿਆ। 5 ਕਿਲੋ ਆਟੇ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਗਰੀਬਾਂ ਨੂੰ 5 ਕਿਲੋ ਆਟਾ ਦੇ ਕੇ ਉਨ੍ਹਾਂ ਨੂੰ 5 ਸਾਲਾਂ ਲਈ ਗੁਲਾਮ ਬਣਾਇਆ ਜਾਂਦਾ ਹੈ। ਬੇਗੁਨਾਹ ਲੋਕਾਂ ਨੂੰ ਫੜ੍ਹ ਕੇ ਅੰਦਰ ਕੀਤਾ ਜਾਂਦਾ ਹੈ। ਅਸਲ ਦੋਸ਼ੀਆਂ ਦਾ ਤਾਂ ਪਤਾ ਹੀ ਨਹੀਂ ਕੀਤਾ ਜਾਂਦਾ। ਪਰਜਾ ਦੇ ਹਿੱਤ ਵਿੱਚ ਰਾਜਾ ਦਾ ਹਿੱਤ ਹੈ, ਪਰਜਾ ਦੇ ਸੁੱਖ ਵਿੱਚ ਹੀ ਰਾਜਾ ਦਾ ਸੁੱਖ ਹੈ। ਰਾਜੇ ਦਾ ਆਪਣਾ ਕੋਈ ਸੁੱਖ, ਹਿੱਤ ਨਹੀਂ ਹੁੰਦਾ। ਇਹੀ ਰਾਜਨੀਤੀ ਹੈ। ਪੰਜਾਬੀਆਂ ਨੂੰ ਬਹੁਤ ਤੜਪਾਇਆ, ਕੁਚਲਿਆ ਗਿਆ ਹੈ ਪਰ ਪੰਜਾਬੀ ਹੁਣ ਆਪਣਾ ਰਸਤਾ ਖੁਦ ਤੈਅ ਕਰਨਗੇ’।