Punjab Religion

ਬੇਅਦਬੀ ਦੇ ਮੁਖ ਮੁਲਜ਼ਮ ਬਿੱਟੂ ਦੇ ਕਤਲ ਮਾਮਲੇ ’ਚ ਸਾਬਕਾ IG ਤੋਂ ਪੁੱਛ-ਗਿੱਛ! 2 ਦਿਨ ਪਹਿਲਾਂ ਹੀ ਜਥੇਦਾਰ ਸਾਹਿਬ ਨੂੰ ਮਿਲ ਕੇ ਮਾਨ ਸਰਕਾਰ ਨੂੰ ਘੇਰਿਆ ਸੀ

ਬਿਉਰੋ ਰਿਪੋਰਟ: ਸਾਬਕਾ IG ਰਣਬੀਰ ਸਿੰਘ ਖੱਟੜਾ ਨੇ ਬੇਅਦਬੀ ਦੀ ਜਾਂਚ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋ ਕੇ ਬੁੱਧਵਾਰ ਨੂੰ ਮਾਨ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ SIT ਨੇ ਪੇਸ਼ੀ ਲਈ ਬੁਲਾਇਆ ਸੀ। ਨਾਭਾ ਜੇਲ੍ਹ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ SIT ਨੇ ਖੱਟੜਾ ਕੋਲੋਂ 2 ਘੰਟੇ ਤੱਕ ਪੁੱਛ-ਗਿੱਛ ਕੀਤੀ। ਖੱਟੜਾ ਦੀ ਅਗਵਾਈ ਵਾਲੀ SIT ਨੇ ਹੀ ਮਹਿੰਦਰਪਾਲ ਬਿੱਟੂ ਨੂੰ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅੱਜ ਖੱਟਰਾ ਸਮੇਤ ਉਸ ਵੇਲੇ ਦੀ SIT ਦੇ ਸਾਰੇ ਮੈਂਬਰਾਂ ਤੋਂ ਪੁੱਛ-ਗਿੱਛ ਹੋਈ ਅਤੇ ਜਵਾਬ ਫਾਈਲ ਕਰਨ ਲਈ ਕਿਹਾ ਗਿਆ ਹੈ।

ਦਰਅਸਲ ਮਹਿੰਦਰਪਾਲ ਸਿੰਘ ਬਿੱਟੂ ਦੇ ਪਰਿਵਾਰ ਨੇ ਖੱਟੜਾ ਦੀ SIT ਤੇ ਸਵਾਲ ਚੁੱਕੇ ਸਨ ਜਿਸ ਤੋਂ ਬਾਅਦ ADG ਰਾਏ ਅਧੀਨ ਇੱਕ SIT ਦਾ ਗਠਨ ਹੋਇਆ ਸੀ ਜਿਸ ਨੇ ਦੂਜੀ ਵਾਰ ਸਾਬਕਾ IG ਰਣਬੀਰ ਸਿੰਘ ਖੱਟੜਾ ਅਤੇ ਉਨ੍ਹਾਂ ਦੇ ਨਾਲ ਜਾਂਚ ਕਰਨ ਵਾਲੇ ਅਫ਼ਸਰਾਂ ਨੂੰ ਬੁਲਾਇਆ ਸੀ।

ਬੁੱਧਵਾਰ ਨੂੰ ਜਥੇਦਾਰ ਸਾਹਿਬ ਨੂੰ ਮਿਲੇ ਸੀ ਖੱਟੜਾ

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਵਿਧਾਇਕ ਪਰਗਟ ਸਿੰਘ ਨੇ ਬਰਗਾੜੀ ਬੇਅਦਬੀ ਦੇ ਇਨਸਾਫ਼ ਲਈ ਸਾਬਕਾ IG ਰਣਬੀਰ ਸਿੰਘ ਖੱਟੜਾ ਦੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨਾਲ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਸਾਬਕਾ IG ਨੇ ਦੱਸਿਆ ਕਿ ਉਨ੍ਹਾਂ ਦੀ ਬਰਗਾੜੀ ਜਾਂਚ ਨਾਲ ਜੁੜੇ ਤਿੰਨ ਕੇਸਾਂ ’ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ। ਪਰ ਸਰਕਾਰ ਨੂੰ ਅਪੀਲ ਦੇ ਬਾਵਜੂਦ ਉਨ੍ਹਾਂ ਨੇ ਹਾਈਕੋਰਟ ਦੇ ਫੈਸਲੇ ਨੂੰ ਨਾ ਡਬਲ ਬੈਂਚ ਦੇ ਸਾਹਮਣੇ ਚੁਣੌਤੀ ਦੇਣ ਦਿੱਤੀ ਨਾ ਹੀ ਸੁਪਰੀਮ ਕੋਰਟ ਜਾਣ ਦਿੱਤਾ। ਜਦਕਿ ਸਾਡੇ ਕੋਲ 3 ਮਹੀਨੇ ਦਾ ਸਮਾਂ ਸੀ।

ਸਿਰਫ਼ ਇੰਨਾ ਹੀ ਨਹੀਂ ਖੱਟੜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਸਰਕਾਰ ਨੇ ਸੌਦਾ ਸਾਧ ਨੂੰ ਪੇਸ਼ ਕਰਨ ਲਈ ਵੀ ਮਨਜ਼ੂਰੀ ਨਹੀਂ ਦਿੱਤੀ। ਪਰਗਟ ਸਿੰਘ ਨੇ ਕਿਹਾ ਇਸ ਤੋਂ ਸਾਫ ਜ਼ਾਹਿਰ ਹੈ ਕਿ ਭਗਵੰਤ ਮਾਨ ਸਰਕਾਰ ਇਨਸਾਫ ਦੇਣ ਵਿੱਚ ਫੇਲ੍ਹ ਸਾਬਿਤ ਹੋਈ ਜਦਕਿ ਕੇਜਰੀਵਾਲ ਨੇ 24 ਘੰਟੇ ਦੇ ਅੰਦਰ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਪਰ ਢਾਈ ਸਾਲ ਬੀਤ ਚੁੱਕੇ ਹਨ।