Punjab

ਚੰਡੀਗੜ੍ਹ ਹਾਈਕੋਰਟ ਬਾਰ ਕੌਂਸਲ ਦਾ ਸਾਬਕਾ ਮੁਖੀ ਗ੍ਰਿਫਤਾਰ, ਵਕੀਲ ਨਾਲ ਕੁੱਟਮਾਰ ਦਾ ਮਾਮਲਾ

ਚੰਡੀਗੜ੍ਹ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਮੁਖੀ ਵਿਕਾਸ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸ਼ੁੱਕਰਵਾਰ ਦੇਰ ਰਾਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਰਣਜੀਤ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਚੰਡੀਗੜ੍ਹ ਪੁਲੀਸ ਨੇ 1 ਜੁਲਾਈ ਨੂੰ ਦਰਜ ਕੀਤਾ ਸੀ। ਸਬੂਤਾਂ ਨੂੰ ਨਸ਼ਟ ਕਰਨ ਲਈ ਉਸ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਗਾਇਬ ਕਰਨ ਦਾ ਵੀ ਦੋਸ਼ ਹੈ।

ਬਾਰ ਕੌਂਸਲ ਨੇ ਲਾਇਸੈਂਸ ਰੱਦ ਕਰ ਦਿੱਤਾ ਸੀ

ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੀ ਅਨੁਸ਼ਾਸਨੀ ਕਮੇਟੀ ਨੇ ਵੀ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਉਦੋਂ ਤੋਂ ਉਸ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹੁਕਮ ਜਾਰੀ ਕੀਤੇ ਕਿ ਵਿਕਾਸ ਮਲਿਕ ਖਿਲਾਫ 10 ਦਿਨਾਂ ਦੇ ਅੰਦਰ ਜਾਂਚ ਕਰਵਾਈ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਦੇ ਇਸ ਹੁਕਮ ਤੋਂ ਬਾਅਦ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।

ਇਹ ਮਾਮਲਾ ਸੀ

ਇਸ ਮਾਮਲੇ ਵਿੱਚ ਹਾਈਕੋਰਟ ਦੇ ਵਕੀਲ ਰਣਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਉਹ ਵਿਕਾਸ ਮਲਿਕ ਅਤੇ ਸਵਰਨ ਸਿੰਘ ਖ਼ਿਲਾਫ਼ ਕੇਸ ਲੜ ਰਿਹਾ ਸੀ। ਉਹ ਇਸ ਮਾਮਲੇ ਸਬੰਧੀ ਸੰਮਨ ਦੇਣ ਲਈ ਵਕੀਲ ਵਿਕਾਸ ਮਲਿਕ ਦੇ ਦਫ਼ਤਰ ਗਿਆ ਸੀ। ਇੱਥੇ 7-8 ਲੋਕ ਬੈਠੇ ਸਨ। ਜਿਨ੍ਹਾਂ ਵਿਚੋਂ ਉਹ ਕੁਝ ਲੋਕਾਂ ਨੂੰ ਜਾਣਦਾ ਹੈ। ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਦਰਜ ਕੀਤਾ ਸੀ।