‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ AJL ਪਲਾਂਟ ਵੰਡ ਮਾਮਲੇ ‘ਚ ਆਈਪੀਸੀ ਦੀ ਧਾਰਾ 420, 120ਬੀ ਤਹਿਤ ਦੋਸ਼ ਤੈਅ ਹੋ ਗਏ ਹਨ। ਪੰਚਕੁਲਾ ਦੀ ਸੀਬੀਆਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਅਗਲੀ ਸੁਣਵਾਈ ਵਿੱਚ ਮੁੱਖ ਟ੍ਰਾਇਲ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ ?
24 ਅਗਸਤ, 1982 ਨੂੰ ਉਸ ਸਮੇਂ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਨੈਸ਼ਨਲ ਹੈਰਾਲਡ ਦੀ ਕੰਪਨੀ ਐਸੋਸੀਏਟਿਡ ਜਨਰਲ ਲਿਮਟਿਡ (AJL) ਦੇ ਹਿੰਦੀ ਅਖਬਾਰ ‘ਨਵਜੀਵਨ’ ਨੂੰ ਪੰਚਕੂਲਾ ਸੈਕਟਰ-6 ਵਿੱਚ 3,360 ਵਰਗਮੀਟਰ ਦਾ ਪਲਾਂਟ ਅਲਾਟ ਕੀਤਾ ਸੀ। ਕੰਪਨੀ ਨੂੰ ਇਸ ‘ਤੇ 6 ਮਹੀਨਿਆਂ ‘ਚ ਨਿਰਮਾਣ ਸ਼ੁਰੂ ਕਰਕੇ 2 ਸਾਲਾਂ ਵਿੱਚ ਕੰਮ ਪੂਰਾ ਕਰਨਾ ਸੀ ਪਰ ਉਹ 10 ਸਾਲ ‘ਚ ਆਪਣਾ ਕੰਮ ਪੂਰਾ ਨਹੀਂ ਕਰ ਸਕੀ।
ਇਸ ਤੋਂ ਬਾਅਦ 30 ਅਕਤੂਬਰ, 1992 ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਭਾਵ ਭੁਪਿੰਦਰ ਸਿੰਘ ਹੁੱਡਾ ਨੇ ਅਲਾਟਮੈਂਟ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ 18 ਅਗਸਤ, 1995 ਨੂੰ ਨਵੇਂ ਅਲਾਟ ਦੇ ਲਈ ਐਪਲੀਕੇਸ਼ਨ ਮੰਗੇ ਗਏ। ਇਸ ਵਿੱਚ ਏ.ਜੇ.ਐੱਲ. ਕੰਪਨੀ ਨੂੰ ਵੀ ਐਪਲੀਕੇਸ਼ਨ ਦੇਣ ਦੀ ਛੋਟ ਦਿੱਤੀ ਗਈ। ਇਸ ਦੌਰਾਨ 14 ਮਾਰਚ, 1998 ਨੂੰ ਏ.ਜੇ.ਐੱਲ. ਵੱਲੋਂ ਆਬਿਦ ਹੁਸੈਨ ਨੇ ਹੁੱਡਾ ਦੇ ਚੇਅਰਮੈਨ ਨੂੰ ਪਹਿਲਾਂ ਪਲਾਟ ਅਲਾਟਮੈਂਟ ਦੀ ਬਹਾਲੀ ਦੀ ਸੰਭਾਵਨਾਵਾਂ ਨੂੰ ਲੱਭਣ ਲਈ ਕਿਹਾ ਪਰ ਕਾਨੂੰਨ ਵਿਭਾਗ ਨੇ ਅਲਾਟਮੈਂਟ ਬਹਾਲੀ ਲਈ ਇਨਕਾਰ ਕਰ ਦਿੱਤਾ।
ਜਾਣਕਾਰੀ ਮੁਤਾਬਕ 28 ਅਗਸਤ, 2005 ਨੂੰ ਹੁੱਡਾ ਨੇ ਏ.ਜੇ.ਐੱਲ. ਨੂੰ 1982 ਦੀ ਮੂਲ ਦਰ ‘ਤੇ ਪਲਾਟ ਅਲਾਟ ਕਰ ਦਿੱਤਾ, ਜੋ ਕਿ ਸਾਲ 2005 ਦੀਆਂ ਦਰਾਂ ‘ਤੇ ਜਾਰੀ ਕਰਨਾ ਚਾਹੀਦਾ ਸੀ। ਇਸ ਤੋਂ ਬਾਅਦ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਸ਼ਿਕਾਇਤ ‘ਤੇ ਸੂਬਾ ਅਲਰਟ ਵਿਭਾਗ ਨੇ ਮਈ 2016 ਨੂੰ ਇਸ ਮਾਮਲੇ ਸਬੰਧੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ ਕੇਸ ਦਰਜ ਕੀਤਾ।