Punjab

ਸਾਬਕਾ MLA ਸਤਿਕਾਰ ਕੌਰ ਗਹਿਰੀ ਗ੍ਰਿਫ਼ਤਾਰ! ਹੈਰੋਇਨ ਦੀ ਤਸਕਰੀ ਕਰਦੀ ਰੰਗੇ ਹੱਥੀਂ ਕਾਬੂ!

ਬਿਉਰੋ ਰਿਪੋਰਟ: ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਸ ਦੇ ਡਰਾਈਵਰ ਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਦੋਂਕਿ ਘਰੋਂ 28 ਗ੍ਰਾਮ ਚਿੱਟਾ ਅਤੇ 1.56 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਗ੍ਰਿਫ਼ਤਾਰੀ ਦੌਰਾਨ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ’ਤੇ ਕਾਰ ਚੜ੍ਹਾ ਦਿੱਤੀ। ਇਸ ਤੋਂ ਬਾਅਦ ਟੀਮ ਨੇ ਦੋਵਾਂ ਨੂੰ ਫੜ ਲਿਆ।

ਇਸ ਸਬੰਧੀ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਅਜੇ ਜਾਰੀ ਹੈ। ਮੁਲਜ਼ਮ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਮੁਹਾਲੀ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਤਕਾਰ ਕੌਰ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।

ਪੁਲਿਸ ਨੇ ਕਿਵੇਂ ਕੀਤਾ ਕਾਬੂ?

ਦਰਅਸਲ ਪੁਲਿਸ ਨੂੰ ਇੱਕ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਉਹ ਨਸ਼ੇ ਦਾ ਆਦੀ ਹੈ ਤੇ ਇੱਕ ਔਰਤ ਉਸਨੂੰ ਨਸ਼ਾ ਵੇਚਣ ਲਈ ਮਜਬੂਰ ਕਰ ਰਹੀ ਹੈ। ਇਸ ਦੌਰਾਨ ਸੂਤਰ ਨੇ ਪੁਲਿਸ ਨੂੰ ਕੁਝ ਕਾਲ ਰਿਕਾਰਡਿੰਗ ਵੀ ਦਿੱਤੀ ਸੀ। ਜਿਸ ਵਿੱਚ ਨਸ਼ਿਆਂ ਦੇ ਸੌਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਸਤਿਕਾਰ ਕੌਰ ਦਾ ਨਾਂ ਸਾਹਮਣੇ ਆਇਆ। 

ਇਸ ਤੋਂ ਬਾਅਦ 2 ਮੋਬਾਈਲ ਨੰਬਰ ਨਿਗਰਾਨੀ ’ਤੇ ਰੱਖੇ ਗਏ। ਇਸ ’ਚ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੂਤਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਹਕ ਬਣ ਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਲੈ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਸਾਬਕਾ ਵਿਧਾਇਕ ਨਾਲ ਡੀਲ ਫਾਈਨਲ ਕਰ ਲਈ। ਇਸ ਸਬੰਧੀ ਪੁਲਿਸ ਨੇ ਜਾਲ ਵਿਛਾ ਦਿੱਤਾ ਤੇ ਮੁਲਜ਼ਮ ਸਤਿਕਾਰ ਕੌਰ ਨੂੰ ਡਰਾਈਵਰ ਸਮੇਤ ਕਾਬੂ ਕਰ ਲਿਆ।