ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਕ੍ਰਿਕਟ ਪਿੱਚ ‘ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਰਾਜਨੀਤੀ ‘ਚ ਆਉਣ ਦਾ ਫੈਸਲਾ ਕੀਤਾ ਹੈ। ਪਨੇਸਰ ਜਾਰਜ ਗੈਲੋਵੇ ਦੀ ਬਰਤਾਨੀਆ ਦੀ ਵਰਕਰਜ਼ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਬ੍ਰਿਟਿਸ਼ ਚੋਣਾਂ ‘ਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਇੰਗਲੈਂਡ ਲਈ 50 ਟੈਸਟ ਮੈਚਾਂ ‘ਚ 167 ਵਿਕਟਾਂ ਲੈਣ ਵਾਲੇ 42 ਸਾਲਾ ਖੱਬੇ ਹੱਥ ਦੇ ਸਪਿਨਰ ਪਨੇਸਰ ਈਲਿੰਗ ਸਾਊਥਾਲ ਨੂੰ ਚੁਣੌਤੀ ਦੇਣਗੇ।
ਪਨੇਸਰ ਨੇ ‘ਦਿ ਟੈਲੀਗ੍ਰਾਫ’ ਵਿਚ ਇਕ ਕਾਲਮ ਵਿਚ ਕਿਹਾ, ‘‘ਮੈਂ ਇਸ ਦੇਸ਼ ਦੇ ਮਜ਼ਦੂਰਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਿਆਸਤ ’ਚ ਮੇਰੀ ਇੱਛਾ ਇਕ ਦਿਨ ਪ੍ਰਧਾਨ ਮੰਤਰੀ ਬਣਨ ਦੀ ਹੈ, ਜਿੱਥੇ ਮੈਂ ਬਰਤਾਨੀਆਂ ਨੂੰ ਇਕ ਸੁਰੱਖਿਅਤ ਅਤੇ ਮਜ਼ਬੂਤ ਰਾਸ਼ਟਰ ਬਣਾਵਾਂਗਾ। ਪਰ ਮੇਰਾ ਪਹਿਲਾ ਕੰਮ ਈਲਿੰਗ ਸਾਊਥਾਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ।’’
ਸਾਬਕਾ ਸੰਸਦ ਮੈਂਬਰ ਸਰ ਟੋਨੀ ਲੋਇਡ ਦੀ ਮੌਤ ਤੋਂ ਬਾਅਦ ਰੋਚਡੇਲ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮਾਰਚ ਵਿਚ ਹਾਊਸ ਆਫ ਕਾਮਨਜ਼ ਵਿਚ ਵਾਪਸ ਆਏ ਗੈਲੋਵੇ ਨੇ ਮੰਗਲਵਾਰ ਨੂੰ ਪਨੇਸਰ ਦੇ ਚੋਣ ਲੜਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ‘‘ਮੈਂ ਅੱਜ ਦੁਪਹਿਰ ਸੰਸਦ ਦੇ ਬਾਹਰ ਉਨ੍ਹਾਂ ’ਚੋਂ 200 ਨੂੰ ਪੇਸ਼ ਕਰਾਂਗਾ, ਜਿਨ੍ਹਾਂ ’ਚ ਤੁਹਾਨੂੰ ਪਸੰਦ ਆਏਗਾ – ਇੰਗਲੈਂਡ ਦੇ ਸਾਬਕਾ ਕੌਮਾਂਤਰੀ ਕ੍ਰਿਕੇਟਰ ਮੌਂਟੀ ਪਨੇਸਰ, ਜੋ ਸਾਊਥਹਾਲ ’ਚ ਸਾਡੇ ਉਮੀਦਵਾਰ ਹੋਣਗੇ।’’
ਭਾਰਤੀ ਮੂਲ ਦੇ ਪਨੇਸਰ ਦਾ ਜਨਮ ਬੈਡਫੋਰਡਸ਼ਾਇਰ ਵਿੱਚ ਹੋਇਆ ਸੀ ਅਤੇ ਉਸਦਾ ਪੂਰਾ ਨਾਮ ਮੁਧਸੂਦਨ ਸਿੰਘ ਪਨੇਸਰ ਹੈ। ਪਨੇਸਰ ਨੂੰ 2006 ਵਿੱਚ ਨਾਗਪੁਰ ਟੈਸਟ ਲਈ ਚੁਣੇ ਜਾਣ ਤੋਂ ਬਾਅਦ ਇੱਕ ਕ੍ਰਿਕਟਰ ਵਜੋਂ ਪਛਾਣ ਮਿਲੀ। ਉਹ ਭਾਰਤ ਵਿੱਚ ਖੇਡੀ ਗਈ 2009 ਏਸ਼ੇਜ਼ ਸੀਰੀਜ਼ ਅਤੇ 2012 ਦੀ ਐਸ਼ੇਜ਼ ਸੀਰੀਜ਼ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਹਾਲਾਂਕਿ ਉਸਨੇ ਕਦੇ ਵੀ ਰਸਮੀ ਤੌਰ ‘ਤੇ ਖੇਡ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਨਹੀਂ ਕੀਤੀ, 2016 ਵਿੱਚ ਕ੍ਰਿਕਟ ਛੱਡਣ ਤੋਂ ਬਾਅਦ ਉਸਨੇ ਲੰਡਨ ਦੀ ਸੇਂਟ ਮੈਰੀ ਯੂਨੀਵਰਸਿਟੀ ਵਿੱਚ ਖੇਡ ਪੱਤਰਕਾਰੀ ਵਿੱਚ ਦਿਲਚਸਪੀ ਲਈ।
ਮੋਂਟੀ ਪਨੇਸਰ ਨੇ ਇੰਗਲੈਂਡ ਲਈ 50 ਟੈਸਟ, 26 ਵਨਡੇ ਅਤੇ ਇਕ ਟੀ-20 ਮੈਚ ਖੇਡਿਆ ਹੈ। ਟੈਸਟ ‘ਚ ਉਨ੍ਹਾਂ ਦੇ ਨਾਂ 167 ਵਿਕਟਾਂ ਹਨ, ਜਦਕਿ ਵਨਡੇ ‘ਚ ਉਨ੍ਹਾਂ ਨੇ 24 ਵਿਕਟਾਂ ਹਾਸਲ ਕੀਤੀਆਂ ਹਨ। ਪਨੇਸਰ ਨੇ ਇੰਗਲੈਂਡ ਲਈ ਆਪਣਾ ਆਖਰੀ ਟੈਸਟ ਦਸੰਬਰ 2013 ‘ਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ, ਜਦਕਿ ਵਨਡੇ ‘ਚ ਉਸਨੇ ਜਨਵਰੀ 2007 ‘ਚ ਆਸਟ੍ਰੇਲੀਆ ਖਿਲਾਫ ਡੈਬਿਊ ਕੀਤਾ ਸੀ ਅਤੇ ਉਸੇ ਸਾਲ ਅਕਤੂਬਰ ‘ਚ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਮੈਚ ਇਸ ਫਾਰਮੈਟ ‘ਚ ਉਸਦਾ ਆਖਰੀ ਮੈਚ ਸੀ।