Punjab

ED ਦੇ ਸਾਬਕਾ ਅਧਿਕਾਰੀ ਦਾ ਵੱਡਾ ਇਲਜ਼ਾਮ, ਕੈਪਟਨ ਅਮਰਿੰਦਰ ਸਿੰਘ ਨੇ ਦਬਾਇਆ 2012 ਦਾ ਰਾਜਾ ਕੰਦੋਲਾ ਡਰੱਗ ਕੇਸ

ਬਿਊਰੋ ਰਿਪੋਰਟ (ਜਲੰਧਰ, 1 ਨਵੰਬ ਰ 2025): ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਅਹਿਮ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2012 ਦੇ ਰਾਜਾ ਕੰਦੋਲਾ ਡਰੱਗ ਕੇਸ ਅਤੇ ਇਸ ਮਾਮਲੇ ਵਿੱਚ ਸ਼ਾਮਲ AIG ਰਾਜਜੀਤ ਸਿੰਘ ਦੇ ਕੇਸ ਨੂੰ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਬਾ ਦਿੱਤਾ ਸੀ।

ਉਨ੍ਹਾਂ ਨੇ ਮੌਜੂਦਾ ‘ਇਨਕਲਾਬੀ’ ਸਰਕਾਰ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਦੇ ਰਾਜ ਵਿੱਚ ਵੀ ਪੰਜਾਬ ਵਿੱਚ ਨਸ਼ਾ ਤਸਕਰੀ, ਨਾਜਾਇਜ਼ ਮਾਈਨਿੰਗ, ਸ਼ਰਾਬ ਮਾਫੀਆ ਅਤੇ ਭ੍ਰਿਸ਼ਟਾਚਾਰ ਸਿਖ਼ਰ ’ਤੇ ਹੈ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਾ ਵਧਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ।

ਨਿਰੰਜਨ ਸਿੰਘ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ED ਦੇ ਡਿਪਟੀ ਡਾਇਰੈਕਟਰ ਸਨ, ਉਨ੍ਹਾਂ ਨੇ ਪੰਜਾਬ ਦੇ ਕਈ ਵੱਡੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਸੀ। ਪਰ ਇਨ੍ਹਾਂ ਕੇਸਾਂ ਨੂੰ ਦਬਾਉਣ ਲਈ ਉਨ੍ਹਾਂ ਨੂੰ ਤੁਰੰਤ ਦਿੱਲੀ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਜਾਂਚ ਰੁਕ ਗਈ।

ਸਾਬਕਾ ED ਅਧਿਕਾਰੀ ਨੇ 2021 ਵਿੱਚ ਰਿਟਾਇਰ ਹੋਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਨਸ਼ੇ ਅਤੇ ਭ੍ਰਿਸ਼ਟਾਚਾਰ ’ਤੇ ਕੰਮ ਕੀਤਾ, ਪਰ ਸੱਚਾਈ ਇਹ ਹੈ ਕਿ ਸਰਕਾਰਾਂ ਇਨ੍ਹਾਂ ਮੁੱਦਿਆਂ ’ਤੇ ਕੰਮ ਨਹੀਂ ਹੋਣ ਦੇਣਾ ਚਾਹੁੰਦੀਆਂ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਰਿਪੋਰਟ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਨੇ ਨਸ਼ਿਆਂ ਦੀ ਕਮਰ ਤੋੜਨ ਦੀ ਗੱਲ ਕੀਤੀ, ਕਿਸੇ ਨੇ ਨਸ਼ਿਆਂ ਵਿਰੁੱਧ ਜੰਗ ਦੀ, ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋਇਆ, ਸਿਰਫ ਨਸ਼ਿਆਂ ਦੀ ਬਰਾਮਦਗੀ (Recovery) ਵਧੀ ਹੈ, ਜੋ ਕਿ ਸਰਕਾਰਾਂ ਦੀ ‘ਬੇਸ਼ਰਮੀ ਦੀ ਇੰਤਹਾ’ ਹੈ।

ਸਾਬਕਾ ED ਅਧਿਕਾਰੀ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਪੰਜਾਬ ਕੋਲ ਇੰਨੀ ਵੱਡੀ ਪੁਲਿਸ ਫੋਰਸ, ਇੰਟੈਲੀਜੈਂਸ ਅਤੇ ED ਹੁੰਦੇ ਹੋਏ ਵੀ ਉਹ ਇੱਕ AIG ਪੱਧਰ ਦੇ ਅਧਿਕਾਰੀ (ਰਾਜਜੀਤ ਸਿੰਘ) ਨੂੰ ਲੱਭ ਨਹੀਂ ਸਕੀ। ਉਨ੍ਹਾਂ ਦੱਸਿਆ ਕਿ ਰਾਜਜੀਤ 2012 ਦੇ ਰਾਜਾ ਕੰਦੋਲਾ ਕੇਸ ਵਿੱਚ ਸ਼ਾਮਲ ਪਾਇਆ ਗਿਆ ਸੀ ਅਤੇ ਚਾਰਜਸ਼ੀਟ ਹੋਈ ਸੀ, ਪਰ ਉਸਨੂੰ ਅੱਜ ਤੱਕ ਫੜਿਆ ਨਹੀਂ ਜਾ ਸਕਿਆ। ਨਿਰੰਜਨ ਸਿੰਘ ਨੇ ਇਹ ਵੀ ਦੱਸਿਆ ਕਿ ਰਾਜਾ ਕੰਦੋਲਾ ਨੂੰ ਵੱਡੀ ਮਾਤਰਾ ਵਿੱਚ ਡਰੱਗਜ਼ ਨਾਲ ਫੜੇ ਜਾਣ ਦੇ ਬਾਵਜੂਦ, ਜਲੰਧਰ ਪੁਲਿਸ ਦੀ ‘ਨਾਲਾਇਕੀ’ ਕਾਰਨ ਉਹ ਅਤੇ ਉਸਦਾ ਪਰਿਵਾਰ ਟ੍ਰਾਇਲ ਤੋਂ ਬਾਅਦ ਬਰੀ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦਾ ਕੇਸ ਫੇਲ੍ਹ ਹੋ ਜਾਂਦਾ ਹੈ ਤਾਂ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ।

ਹਾਲਾਂਕਿ, ਨਿਰੰਜਨ ਸਿੰਘ ਨੇ ਦੱਸਿਆ ਕਿ ਪੁਲਿਸ ਕੇਸ ਫੇਲ੍ਹ ਹੋਣ ਦੇ ਬਾਵਜੂਦ, ED ਦੀ ਜਾਂਚ ਮਜ਼ਬੂਤ ​​ਸਬੂਤਾਂ ਕਾਰਨ ਫੇਲ੍ਹ ਨਹੀਂ ਹੋਈ। ਇਸ ਕਾਰਨ ਹੀ ਪੰਜਾਬ ਸਰਕਾਰ ਨੂੰ ਰਾਜਾ ਕੰਦੋਲਾ ਦੀ ਜਾਇਦਾਦ ਜ਼ਬਤ (Property Attach) ਕਰਨੀ ਪਈ, ਜੋ ED ਦੀ ਵੱਡੀ ਸਫ਼ਲਤਾ ਸੀ।

ਉਨ੍ਹਾਂ ਇਲਜ਼ਾਮ ਲਾਇਆ ਕਿ AIG ਰਾਜਜੀਤ ਦੇ ਮਾਮਲੇ ਵਿੱਚ ਜਦੋਂ ਉਨ੍ਹਾਂ ਨੇ ਜਲੰਧਰ ED ਦਫ਼ਤਰ ਵਿੱਚ ਫਾਈਲ ਖੋਲ੍ਹੀ ਤਾਂ ਉਹ ਫਾਈਲ ਉਨ੍ਹਾਂ ਤੋਂ ਦਿੱਲੀ ਮੰਗਵਾ ਲਈ ਗਈ ਅਤੇ ਫਿਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ। ਉਨ੍ਹਾਂ ਮੁਤਾਬਕ ਕੈਪਟਨ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਮੌਜੂਦਾ ਸਰਕਾਰ ਨੇ ਰਾਜਜੀਤ ਨੂੰ ਬਰਖ਼ਿਸਤ (Dismiss) ਕਰਕੇ ਇੱਕ ਚੰਗਾ ਕੰਮ ਜ਼ਰੂਰ ਕੀਤਾ, ਪਰ ਉਸ ਨੂੰ ਅਜੇ ਤੱਕ ਲੱਭ ਨਹੀਂ ਸਕੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਰਕਾਰ ਵੀ ਹੁਣ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਚੱਲ ਰਹੀ ਹੈ।