ਚੰਡੀਗੜ੍ਹ : ਰਾਸ਼ਟਰੀ ਰਾਈਫ਼ਲਜ਼ ਦੇ ਸਾਬਕਾ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਬੀਐਸ ਰੰਧਾਵਾ ਦਾ ਵੀਰਵਾਰ ਸਵੇਰੇ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਪਿਛਲੇ ਮਹੀਨੇ ਹਸਪਤਾਲ ‘ਚ ਭਰਤੀ ਸਨ। ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਜਨਰਲ ਰੰਧਾਵਾ ਦੀ ਨਿਯੁਕਤੀ 1960 ਵਿੱਚ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਹੋਈ ਸੀ।
ਇੱਕ ਨੌਜਵਾਨ ਲੈਫ਼ਟੀਨੈਂਟ ਦੇ ਰੂਪ ਵਿੱਚ, ਉਨ੍ਹਾਂ ਨੇ 1962 ਦੀ ਚੀਨ-ਭਾਰਤ ਜੰਗ ਵਿੱਚ ਉੱਤਰ ਪੂਰਬੀ ਫ਼ਰੰਟੀਅਰ ਏਜੰਸੀ (NEFA) ਵਿੱਚ ਟੋਂਗਫੇਂਗਲਾ ਵਿਖੇ ਲੜਾਈ ਲੜੀ ਸੀ। ਉਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਵੀ ਸਰਗਰਮ ਭੂਮਿਕਾ ਨਿਭਾਈ ਸੀ। ਬਾਅਦ ਵਿੱਚ ਉਨ੍ਹਾਂ ਨੇ ਸਿੱਖ ਲਾਈਟ ਇਨਫੈਂਟਰੀ ਦੀ ਚੌਥੀ ਬਟਾਲੀਅਨ ਦੀ ਕਮਾਂਡ ਸੰਭਾਲੀ ਸੀ। ਆਪਣੇ ਕੈਰੀਅਰ ਦੇ ਦੌਰਾਨ, ਉਨ੍ਹਾਂ ਨੇ ਕਈ ਮੁੱਖ ਕਮਾਂਡ, ਸਟਾਫ਼ ਅਤੇ ਨਿਰਦੇਸ਼ਕ ਨਿਯੁਕਤੀਆਂ ਸੰਭਾਲੀਆਂ ਸਨ।
ਰਾਸ਼ਟਰੀ ਰਾਈਫ਼ਲਜ਼ ਦੇ ਮੁਖੀ ਹੋਣ ਦੇ ਨਾਤੇ, ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਮਾਹੌਲ ਵਿੱਚ ਫੋਰਸ ਦੀ ਤਾਇਨਾਤੀ, ਸੰਚਾਲਨ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ ਸੀ।
ਸੇਵਾਮੁਕਤੀ ਤੋਂ ਬਾਅਦ ਉਹ ਚੰਡੀਗੜ੍ਹ ਆ ਕੇ ਵੱਸ ਗਏ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਦੋਵੇਂ ਪੁੱਤਰ ਅਮਰੀਕਾ ਵਿਚ ਰਹਿ ਰਹੇ ਹਨ। ਵੱਡਾ ਪੁੱਤਰ ਫ਼ੌਜ ਵਿੱਚ ਨੌਕਰੀ ਕਰ ਚੁੱਕਾ ਹੈ। ਲੈਫ਼ਟੀਨੈਂਟ ਜਨਰਲ ਰੰਧਾਵਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪੁੱਤਰਾਂ ਦੇ ਆਉਣ ਤੋਂ ਬਾਅਦ 11 ਜੂਨ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।