Punjab

ਤਰਨ ਤਾਰਨ ’ਚ 1993 ਦੇ ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ DIG ਨੂੰ 7 ਸਾਲ ਤੇ ਸਾਬਕਾ DSP ਨੂੰ ਉਮਰ ਕੈਦ ਦੀ ਸਜ਼ਾ

ਤਰਨ ਤਾਰਨ ਵਿੱਚ 31 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ 7 ਸਾਲ ਦੀ ਕੈਦ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇੱਕ ਦਿਨ ਪਹਿਲਾਂ ਹੀ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਲਈ ਲੰਬੀ ਲੜਾਈ ਲੜੀ ਹੈ। ਹੁਣ ਉਸ ਨੇ ਅਦਾਲਤ ਦੇ ਫੈਸਲੇ ‘ਤੇ ਤਸੱਲੀ ਪ੍ਰਗਟਾਈ ਹੈ।

ਸਾਲ 1996 ਵਿੱਚ ਜੰਡਿਆਲਾ ਰੋਡ ਦੇ ਰਹਿਣ ਵਾਲੇ ਚਮਨ ਲਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਇਆ ਸੀ। ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ 22 ਜੂਨ 1993 ਨੂੰ ਤਤਕਾਲੀ ਡੀਐਸਪੀ ਦਿਲਬਾਗ ਸਿੰਘ (ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ) ਦੀ ਅਗਵਾਈ ਵਿੱਚ ਤਰਨ ਤਾਰਨ ਪੁਲਿਸ ਦੀ ਇੱਕ ਟੀਮ ਉਸ ਦੇ ਪੁੱਤਰ ਗੁਲਸ਼ਨ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ ਸੀ। ਇਸ ਤੋਂ ਇਲਾਵਾ ਉਹ ਆਪਣੇ 2 ਪੁੱਤਰਾਂ ਪ੍ਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਏ।

ਪੁਲਿਸ ਨੇ ਪ੍ਰਵੀਨ ਅਤੇ ਬੌਬੀ ਕੁਮਾਰ ਨੂੰ ਰਿਹਾਅ ਕਰ ਦਿੱਤਾ, ਪਰ ਗੁਲਸ਼ਨ ਨੂੰ ਰਿਹਾਅ ਨਹੀਂ ਕੀਤਾ। ਇੱਕ ਮਹੀਨੇ ਬਾਅਦ 22 ਜੁਲਾਈ 1993 ਨੂੰ ਗੁਲਸ਼ਨ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਨੇ ਬਿਨਾਂ ਦੱਸੇ ਉਸ ਦੇ ਲੜਕੇ ਦੀ ਲਾਸ਼ ਦਾ ਸਸਕਾਰ ਕਰ ਦਿੱਤਾ। ਪਿਤਾ ਚਮਨ ਲਾਲ ਅਨੁਸਾਰ ਗੁਲਸ਼ਨ ਕੁਮਾਰ ਫਲ ਵੇਚਣ ਦਾ ਕੰਮ ਕਰਦਾ ਸੀ।

ਸੀਬੀਆਈ ਦੀ ਜਾਂਚ ਰਿਪੋਰਟ ਅਨੁਸਾਰ ਗੁਰਬਚਨ ਸਿੰਘ ਉਸ ਸਮੇਂ ਸਬ-ਇੰਸਪੈਕਟਰ ਸੀ ਅਤੇ ਤਰਨਤਾਰਨ (ਸਿਟੀ) ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ। ਉਸ ਨੇ ਗੁਲਸ਼ਨ ਕੁਮਾਰ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਸੀ। ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਅਰਜਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਇਲਾਵਾ ਇਸ ਕੇਸ ਵਿੱਚ 32 ਗਵਾਹਾਂ ਦਾ ਹਵਾਲਾ ਦਿੱਤਾ ਗਿਆ ਸੀ, ਪਰ ਸਿਰਫ਼ 15 ਲੋਕਾਂ ਨੇ ਗਵਾਹੀ ਦਿੱਤੀ। ਮਾਮਲੇ ਵਿੱਚ ਸ਼ਿਕਾਇਤਕਰਤਾ ਚਮਨ ਲਾਲ ਦੀ ਵੀ ਮੌਤ ਹੋ ਚੁੱਕੀ ਹੈ।

ਸਬੰਧਿਤ ਖ਼ਬਰ – 1993 ਦੇ ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ DIG ਅਤੇ ਸਾਬਕਾ DSP ਦੋਸ਼ੀ ਕਰਾਰ