ਬਿਊਰੋ ਰਿਪੋਰਟ (ਚੰਡੀਗੜ੍ਹ, 27 ਨਵੰਬਰ 2025): ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਤੋਂ ਬਾਅਦ, ਪਹਿਲੀ ਵਾਰ ਉਨ੍ਹਾਂ ਦੀ ਬੇਟੀ ਨਿਸ਼ਾਤ ਅਖ਼ਤਰ ਦਾ ਬਿਆਨ ਸਾਹਮਣੇ ਆਇਆ ਹੈ।
ਨਿਸ਼ਾਤ ਅਖ਼ਤਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ‘ਇੱਕ ਪੋਸਟ ਹਲਚਲ ਮਚਾਉਣ ਵਾਲਿਆਂ ਦੇ ਨਾਮ’ ਰੱਖਿਆ ਗਿਆ ਹੈ। ਉਨ੍ਹਾਂ ਨੇ ਆਪਣੇ ਭਰਾ ਦੀ ਮੌਤ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸਖ਼ਤ ਜਵਾਬ ਦਿੱਤਾ ਹੈ।
ਨਿਸ਼ਾਤ ਅਖ਼ਤਰ ਨੇ ਲਿਖਿਆ, “ਕਿਸਦੇ ਦਾਅਵੇ ਸਹੀ ਹਨ ਅਤੇ ਕਿਸਦੇ ਗਲਤ” ਇਹ ਇਨਸ਼ਾ ਅੱਲਾਹ ਬਹੁਤ ਜਲਦ ਦੁਨੀਆਂ ਦੇ ਸਾਮਣੇ ਹੋਵੇਗਾ। ਸੀ ਬੀ ਆਈ ਦੇਸ਼ ਦੀ ਸੱਭ ਤੋ ਵੱਡੀ ਤਫਤੀਸ਼ੀ ਏਜੰਸੀ ਹੈ। ਜਿਸਦੀ ਤਫ਼ਤੀਸ਼ ਤੋ ਬਾਅਦ ਗੰਦੀ ਜਹਿਨੀਅਤ ਵਾਲੇ ਲੋਕਾਂ ਦੇ ਕੋਲ ਕਹਿਣ ਨੂੰ ਕੁਝ ਵੀ ਨਹੀ ਬਚੇਗਾ।”
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਮਲੇਰਕੋਟਲਾ ਹਾਊਸ ਵਾਲੇ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਅੱਲ੍ਹਾ ਅਤੇ ਦੇਸ਼ ਦੇ ਕਾਨੂੰਨ ਤੋਂ ਇਲਾਵਾ ਕਿਸੇ ਦਾ ਡਰ ਨਹੀਂ ਹੈ। ਨਿਸ਼ਾਤ ਨੇ ਤਨਜ਼ ਕੱਸਦਿਆਂ ਕਿਹਾ- “ਅੱਛਾ ਹੋਇਆ ਕਿ ਪਰਦੇ ਪਿੱਛੇ ਰਹਿ ਕੇ ਸਾਜ਼ਿਸ਼ਾਂ ਰਚਣ ਵਾਲੇ ਲੋਕ ਹੁਣ ਖੁੱਲ੍ਹ ਕੇ ਸਾਹਮਣੇ ਤਾਂ ਆ ਗਏ ਹਨ।”
“ਬੇਜ਼ਮੀਰ ਲੋਕਾਂ ਨੂੰ ਉਨ੍ਹਾਂ ਦੀ ਸਹੀ ਥਾਂ ‘ਤੇ ਪਹੁੰਚਾਵਾਂਗੇ”
ਨਿਸ਼ਾਤ ਅਖ਼ਤਰ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਇਕਲੌਤੇ ਬੱਚੇ ਦੀ ਦਰਦਨਾਕ ਮੌਤ ’ਤੇ ਗੰਦੀ ਰਾਜਨੀਤੀ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ਦਿਖਾਏ ਬਿਨਾਂ ਚੈਨ ਨਾਲ ਨਹੀਂ ਬੈਠਣਗੇ। ਉਨ੍ਹਾਂ ਨੇ ਲਿਖਿਆ, “ਇਹ ਗੰਦਾ ਖੇਡ ਹੁਣ ਆਪਣੇ ਤਰਕਪੂਰਨ ਅਤੇ ਅੰਤਿਮ ਅੰਜਾਮ ਤੱਕ ਪਹੁੰਚੇਗਾ।”
ਨਵੇਂ ਕਾਨੂੰਨ BNS ਦੀ ਧਾਰਾ 248 ਦੀ ਚਿਤਾਵਨੀ
ਉਨ੍ਹਾਂ ਨੇ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਦੇਸ਼ ਦੇ ਨਵੇਂ ਕਾਨੂੰਨ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 248 ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
BNS ਦੀ ਧਾਰਾ 248 ਦੇ ਪ੍ਰਬੰਧ
ਇਹ ਧਾਰਾ ਕਿਸੇ ਵਿਅਕਤੀ ਨੂੰ ਝੂਠੇ ਇਲਜ਼ਾਮ ਲਗਾ ਕੇ ਪ੍ਰੇਸ਼ਾਨ ਕਰਨ ਜਾਂ ਨੁਕਸਾਨ ਪਹੁੰਚਾਉਣ ’ਤੇ ਕੇਸ ਦਰਜ ਕਰਨ ਨਾਲ ਸਬੰਧਤ ਹੈ। ਦੋਸ਼ੀ ਪਾਏ ਜਾਣ ’ਤੇ 5 ਸਾਲ ਤੱਕ ਦੀ ਕੈਦ ਅਤੇ/ਜਾਂ 2 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਜੇ ਝੂਠਾ ਦੋਸ਼ ਮੌਤ ਦੀ ਸਜ਼ਾ, ਉਮਰ ਕੈਦ ਜਾਂ 10 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧ ਨਾਲ ਸਬੰਧਤ ਹੈ, ਤਾਂ ਸਜ਼ਾ 10 ਸਾਲ ਤੱਕ ਹੋ ਸਕਦੀ ਹੈ।

